ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਦੇ ਉੱਭਰਦੇ ਸਟਾਰ ਸੰਜੂ ਸੈਮਸਨ ਦਾ ਸ਼ੁਮਾਰ ਟੀ-20 ਕ੍ਰਿਕੇਟ ਤੇ ਆਈਪੀਐਲ ਵਿੱਚ ਧਮਾਕੇਦਾਰ ਖਿਡਾਰੀਆਂ ਵਿੱਚ ਹੁੰਦਾ ਹੈ। ਆਈਪੀਐਲ ਦੇ ਇਸ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਦੇ ਇਸ ਖਿਡਾਰੀ ਨੇ ਆਪਣੇ ਲੰਮੇ ਹਿਟਸ ਤੇ ਸ਼ਾਨਦਾਰ ਕੈਚਾਂ ਰਾਹੀਂ ਆਪਣੀ ਫ਼ਿੱਟਨੈੱਸ ਵਿਖਾਈ ਹੈ। ਲੌਕਡਾਊਨ ’ਚ ਜ਼ਿਆਦਾਤਰ ਖਿਡਾਰੀਆਂ ਨੂੰ ਰੂਟੀਨ ਪ੍ਰੈਕਟਿਸ ਦੀਆਂ ਸਮੱਸਿਆਵਾਂ ਨਾਲ ਜੂਝਣਾ ਪਿਆ, ਜਿਸ ਦਾ ਅਸਰ ਆਈਪੀਐਲ ਵਿੱਚ ਦਿਸ ਰਿਹਾ ਹੈ। ਕਈ ਖਿਡਾਰੀ ਇਸ ਵਾਰ ਪਹਿਲਾਂ ਵਾਂਗ ਖੇਡਦੇ ਨਹੀਂ ਦਿਸ ਰਹੇ, ਭਾਵੇਂ ਸੰਜੂ ਸੈਮਸਨ ਨੇ ਕੋਰੋਨਾ ਮਹਾਮਾਰੀ ਦੌਰਾਨ ਵੀ ਆਪਣੀ ਫ਼ਿਟਨੈੱਸ ਬਿਲਕੁਲ ਚੁਸਤ-ਦਰੁਸਤ ਰੱਖੀ ਹੈ।
ਕੋਰੋਨਾ ਮਹਾਮਾਰੀ ਦੌਰਾਨ ਸੰਜੂ ਸੈਮਸਨ ਨੇ ਆਪਣੀ ਪ੍ਰੈਕਟਿਸ ਬੰਦ ਨਹੀਂ ਕੀਤੀ ਸੀ। ਰਾਇਫ਼ੀ ਗੋਮੇਜ਼ ਨੇ ਇਸ ਦੌਰਾਨ ਸੰਜੂ ਸੈਮਸਨ ਦੀ ਫ਼ਿੱਟਨੈੱਸ ਉੱਤੇ ਕਾਫ਼ੀ ਕੰਮ ਕੀਤਾ ਹੈ। ਗੋਮੇਜ਼ ਨੇ ਉਨ੍ਹਾਂ ਦਾ ਖਾਣਾ-ਪੀਣਾ ਵੀ ਬਦਲ ਦਿੱਤਾ ਹੈ। ਟਵਿਟਰ ਉੱਤੇ ਉੱਘੇ ਕਾਰੋਬਾਰੀ ਆਨੰਦ ਮਹਿੰਦਰਾ ਦੇ ਸੁਆਲ ਦਾ ਜੁਆਬ ਦਿੰਦਿਆਂ ਇੰਗਲੈਂਡ ਦੇ ਸਾਬਕਾ ਖਿਡਾਰੀ ਕੇਵਿਨ ਪੀਟਰਸਨ ਨੇ ਦੱਸਿਆ ਸੀ ਕਿ ਸੰਜੂ ਸੈਮਸਨ ਕੁਝ ਮਹੀਨਿਆਂ ਲਈ ਸ਼ਾਕਾਹਾਰੀ ਹੋ ਗਏ ਸਨ। ਗੋਮੇਜ਼ ਨੇ ਸੰਜੂ ਨੂੰ ਤਿਰੂਵਨੰਥਾਪੁਰਮ ਦੇ ਉਨ੍ਹਾਂ ਦੇ ਘਰ ’ਚ ਹੀ ਪ੍ਰੈਕਟਿਸ ਕਰਵਾਈ। ਸੰਜੂ ਨੇ ਰੋਜ਼ਾਨਾ ਛੇ ਤੋਂ ਸੱਤ ਘੰਟੇ ਟ੍ਰੇਨਿੰਗ ਲਈ ਹੈ।
ਆਈਪੀਐਲ 2020 ਵਿੱਚ ਲਾਏ 20 ਛੱਕੇ:
ਆਈਪੀਐਲ ਦੇ ਇਸ ਸੀਜ਼ਨ ਵਿੱਚ ਸੰਜੂ ਸੈਮਸਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀਆਂ ਧਮਾਕੇਦਾਰ ਪਾਰੀਆਂ ਕਾਰਨ ਰਾਜਸਥਾਨ ਆਪਣੇ ਪਹਿਲੇ ਦੋ ਮੁਕਾਬਲੇ ਜਿੱਤਣ ਵਿੱਚ ਸਫ਼ਲ ਰਿਹਾ। ਆਈਪੀਐਲ 2020 ਵਿੱਚ ਸੈਮਸਨ ਨੇ ਚੇਨਈ ਵਿਰੁੱਧ 74 ਤੇ ਕਿੰਗਜ਼ ਇਲੈਵਨ ਪੰਜਾਬ ਵਿਰੁੱਧ 85 ਦੌੜਾਂ ਦੀ ਪਾਰੀ ਖੇਡੀ, ਇਹ ਖਿਡਾਰੀ ਇਸ ਆਈਪੀਐਲ ਵਿੱਚ ਹੁਣ ਤੱਕ 20 ਛੱਕੇ ਲਾ ਚੁੱਕਾ ਹੈ।
ਲੌਕਡਾਊਨ ਦੇ ਪੰਜ ਮਹੀਨਿਆਂ ਵਿੱਚ ਸੰਜੂ ਨੇ ਆਪਣਾ ਸਾਰਾ ਧਿਆਨ ਪਾਵਰ-ਹਿਟਿੰਗ ਨੂੰ ਮਜ਼ਬੂਤ ਕਰਨ ਉੱਤੇ ਕੇਂਦ੍ਰਿਤ ਕੀਤਾ। ਉਨ੍ਹਾਂ ਕਿਹਾ,‘ਮੈਂ ਆਪਣਾ ਫ਼ਿੱਟਨੈੱਸ, ਖ਼ੁਰਾਕ ਤੇ ਸਿਖਲਾਈ ਉੱਤੇ ਕਾਫ਼ੀ ਕੰਮ ਕੀਤਾ ਹੈ ਕਿਉਂਕਿ ਮੇਰੀ ਖੇਡ ਪਾਵਰ ਹਿਟਿੰਗ ਦੀ ਹੈ। ਇਨ੍ਹਾਂ ਪੰਜ ਮਹੀਨਿਆਂ ਵਿੱਚ ਮੇਰੇ ਕੋਲ ਇਸ ਉੱਤੇ ਕੰਮ ਕਰਨ ਦਾ ਸਮਾਂ ਸੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਤਾਕਤ ਨੂੰ ਵਧਾਇਆ ਹੈ।’
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904