Cricketer Fans Attacked: ਬੰਗਲਾਦੇਸ਼ ਦੇ ਮਹਾਨ ਕ੍ਰਿਕਟਰ ਸ਼ਾਕਿਬ ਅਲ ਹਸਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਫਿਲਹਾਲ ਇਹ ਖਿਡਾਰੀ ਆਪਣੇ ਕਰੀਅਰ ਦੇ ਆਖਰੀ ਪੜਾਅ 'ਤੇ ਹੈ। ਦਰਅਸਲ, ਸ਼ਾਕਿਬ ਦੱਖਣੀ ਅਫਰੀਕਾ ਨਾਲ ਟੈਸਟ ਸੀਰੀਜ਼ 'ਚ ਆਪਣਾ ਆਖਰੀ ਟੈਸਟ ਮੈਚ ਖੇਡਣਗੇ। ਇਸ ਤੋਂ ਬਾਅਦ ਇਹ ਮਜ਼ਬੂਤ ਆਲਰਾਊਂਡਰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਸ਼ਾਕਿਬ ਨੇ ਬੰਗਲਾਦੇਸ਼ ਕ੍ਰਿਕਟ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਆਪਣਾ ਆਖਰੀ ਟੈਸਟ ਮੈਚ ਖੇਡਣ ਲਈ ਟੀਮ 'ਚ ਸ਼ਾਮਲ ਕੀਤਾ ਜਾਏ।
ਦੂਜੇ ਪਾਸੇ ਬੰਗਲਾਦੇਸ਼ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਦੇਸ਼ ਵਿੱਚ ਦਾਖ਼ਲ ਨਾ ਹੋਣ ਦੀ ਸਲਾਹ ਦਿੱਤੀ ਹੈ। ਹੁਣ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਢਾਕਾ ਵਿੱਚ ਐਤਵਾਰ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਇੱਕ ਪ੍ਰਦਰਸ਼ਨ ਦੌਰਾਨ ਸ਼ਾਕਿਬ ਅਲ ਹਸਨ ਦੇ ਪ੍ਰਸ਼ੰਸਕਾਂ 'ਤੇ ਕੁਝ ਲੋਕਾਂ ਦੇ ਇੱਕ ਸਮੂਹ ਨੇ ਹਮਲਾ ਕਰ ਦਿੱਤਾ।
ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਪ੍ਰਸ਼ੰਸਕ
ਸ਼ਾਕਿਬ ਦੇ ਬੰਗਲਾਦੇਸ਼ 'ਚ ਵਿਦਾਈ ਟੈਸਟ ਖੇਡਣ 'ਤੇ ਪਾਬੰਦੀ ਦੇ ਵਿਰੋਧ 'ਚ ਪ੍ਰਸ਼ੰਸਕ ਕਈ ਦਿਨਾਂ ਤੋਂ ਮੀਰਪੁਰ ਦੇ ਕ੍ਰਿਕਟ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਐਤਵਾਰ ਨੂੰ ਅਚਾਨਕ ਕੁਝ ਲੋਕਾਂ ਨੇ ਉਨ੍ਹਾਂ 'ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਉੱਥੇ ਮੌਜੂਦ ਫੌਜ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਦਰਅਸਲ, ਪਿਛਲੇ ਕੁਝ ਮਹੀਨੇ ਪਹਿਲਾਂ ਬੰਗਲਾਦੇਸ਼ ਵਿੱਚ ਹਿੰਸਾ ਹੋਈ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇਸ਼ ਛੱਡ ਕੇ ਭੱਜ ਗਈ ਸੀ ਅਤੇ ਬੰਗਲਾਦੇਸ਼ ਵਿੱਚ ਫੌਜ ਦਾ ਰਾਜ ਆ ਗਿਆ ਸੀ।
ਦਰਅਸਲ, ਬੰਗਲਾਦੇਸ਼ ਵਿੱਚ ਹਿੰਸਾ ਵਿੱਚ 600 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਿੰਸਾ 'ਚ ਸ਼ਾਕਿਬ ਅਲ ਹਸਨ 'ਤੇ ਇਕ ਵਿਅਕਤੀ ਦੀ ਹੱਤਿਆ ਦਾ ਦੋਸ਼ ਵੀ ਲੱਗਾ ਸੀ। ਜਿਸ ਕਾਰਨ ਲੋਕਾਂ ਨੇ ਸ਼ਾਕਿਬ ਨੂੰ ਕ੍ਰਿਕਟ ਟੀਮ ਤੋਂ ਬਾਹਰ ਕਰਨ ਦੀ ਮੰਗ ਉਠਾਈ ਸੀ। ਦੱਸ ਦਈਏ ਕਿ ਸਾਕਿਬ ਸ਼ੇਖ ਹਸੀਨਾ ਦੀ ਪਾਰਟੀ ਦੇ ਸੰਸਦ ਮੈਂਬਰ ਵੀ ਸਨ।
ਸ਼ਾਕਿਬ 2023 ਵਿੱਚ ਅਧਿਕਾਰਤ ਤੌਰ 'ਤੇ ਅਵਾਮੀ ਲੀਗ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ 2024 ਦੇ ਬੰਗਲਾਦੇਸ਼ ਦੀਆਂ ਆਮ ਚੋਣਾਂ ਵਿੱਚ ਹਿੱਸਾ ਲੈਣ ਲਈ ਉਮੀਦਵਾਰ ਵਜੋਂ ਮਗੁਰਾ-1 ਸੰਸਦੀ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ, ਜਿਸ ਵਿੱਚ ਉਨ੍ਹਾਂ ਵੱਲੋਂ ਜਿੱਤ ਹਾਸਿਲ ਕੀਤੀ ਗਈ।