MS Dhoni Fans Amazed Andre Russell: ਪ੍ਰਸ਼ੰਸਕ ਪੂਰਾ ਸਾਲ ਆਈਪੀਐੱਲ ਦਾ ਇੰਤਜ਼ਾਰ ਕਰਦੇ ਹਨ ਤਾਂ ਜੋ ਉਹ ਮਹਿੰਦਰ ਸਿੰਘ ਧੋਨੀ ਨੂੰ ਬੱਲੇਬਾਜ਼ੀ ਕਰਦੇ ਹੋਏ ਦੇਖ ਸਕਣ। ਧੋਨੀ ਦੀ ਬੱਲੇਬਾਜ਼ੀ ਨੂੰ ਦੇਖਣ ਲਈ ਪ੍ਰਸ਼ੰਸਕ ਹਮੇਸ਼ਾ ਬੇਤਾਬ ਰਹਿੰਦੇ ਹਨ। ਜਿਵੇਂ ਹੀ ਧੋਨੀ ਬੱਲੇ ਨਾਲ ਮੈਦਾਨ 'ਤੇ ਉਤਰਦੇ ਹਨ ਤਾਂ ਸਟੇਡੀਅਮ 'ਚ ਵੱਖਰਾ ਹੀ ਮਾਹੌਲ ਬਣ ਜਾਂਦਾ ਹੈ। ਜਦੋਂ ਧੋਨੀ ਬੱਲੇਬਾਜ਼ੀ ਕਰਨ ਆਉਂਦੇ ਹਨ, ਤਾਂ ਅਜਿਹਾ ਲੱਗਦਾ ਹੈ ਕਿ ਭਾਰਤ ਦਾ ਹਰ ਕ੍ਰਿਕਟ ਗ੍ਰਾਊਂਡ ਚੇਨਈ ਸੁਪਰ ਕਿੰਗਜ਼ ਦਾ ਘਰੇਲੂ ਗ੍ਰਾਊਂਡ ਹੈ। ਹੁਣ ਧੋਨੀ ਦੀ ਦੀਵਾਨਗੀ ਦੇਖ ਕੇ ਆਂਦਰੇ ਰਸੇਲ ਵੀ ਹੈਰਾਨ ਰਹਿ ਗਏ ਅਤੇ ਰੌਲਾ ਪੈਣ 'ਤੇ ਉਨ੍ਹਾਂ ਆਪਣੇ ਕੰਨ ਬੰਦ ਕਰ ਲਏ।


ਰਸੇਲ ਦੇ ਕੰਨ ਬੰਦ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਘਟਨਾ ਆਈਪੀਐਲ 2024 ਦੇ 22ਵੇਂ ਮੈਚ ਵਿੱਚ ਵਾਪਰੀ, ਜੋ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਚੇਪੌਕ ਸਟੇਡੀਅਮ ਵਿੱਚ ਖੇਡਿਆ ਗਿਆ ਸੀ। ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਟੀਚੇ ਦਾ ਪਿੱਛਾ ਕਰਦੇ ਹੋਏ  17ਵੇਂ ਓਵਰ 'ਚ ਸ਼ਿਵਮ ਦੂਬੇ ਦੇ ਰੂਪ 'ਚ ਤੀਜਾ ਵਿਕਟ ਗੁਆ ਦਿੱਤਾ ਸੀ, ਜਿਸ ਤੋਂ ਬਾਅਦ ਧੋਨੀ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸੀ।






ਹਾਲਾਂਕਿ ਧੋਨੀ ਜਦੋਂ ਬੱਲੇਬਾਜ਼ੀ ਕਰਨ ਆਏ ਸੀ, ਤਾਂ ਚੇਨਈ ਨੂੰ ਜਿੱਤ ਲਈ ਸਿਰਫ਼ 3 ਦੌੜਾਂ ਦੀ ਲੋੜ ਸੀ। ਧੋਨੀ ਨੇ 3 ਗੇਂਦਾਂ ਖੇਡ 1* ਦੌੜ ਬਣਾਈ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਧੋਨੀ ਬੱਲੇਬਾਜ਼ੀ ਲਈ ਜਿਵੇਂ ਹੀ ਮੈਦਾਨ 'ਚ ਦਾਖਲ ਹੋਏ ਤਾਂ ਸਟੇਡੀਅਮ 'ਚ ਮੌਜੂਦ ਪ੍ਰਸ਼ੰਸਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਰੌਲਾ ਇੰਨਾ ਉੱਚਾ ਹੋ ਗਿਆ ਕਿ ਫੀਲਡਿੰਗ ਕਰ ਰਹੇ ਕੇਕੇਆਰ ਦੇ ਆਂਦਰੇ ਰਸੇਲ ਨੇ ਆਪਣੇ ਹੱਥਾਂ ਨਾਲ ਕੰਨ ਢੱਕ ਲਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।


ਕੇਕੇਆਰ ਸੀਜ਼ਨ ਦਾ ਪਹਿਲਾ ਮੈਚ ਹਾਰ ਗਿਆ


ਦੱਸ ਦੇਈਏ ਕਿ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈਪੀਐਲ 2024 ਦੀ ਪਹਿਲੀ ਹਾਰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮਿਲੀ ਹੈ। ਚੇਪੌਕ 'ਚ ਖੇਡੇ ਗਏ ਮੈਚ 'ਚ ਚੇਨਈ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ। ਸੀਐਸਕੇ ਨੇ ਇੱਕ ਤਰਫਾ ਜਿੱਤ ਦਰਜ ਕੀਤੀ।