India vs Bangladesh 1st Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਦੀ ਦੂਜੀ ਪਾਰੀ 'ਚ ਟੀਮ ਇੰਡੀਆ ਨੇ 258 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਹੈ। ਇਸ ਮੈਚ 'ਚ ਟੀਮ ਇੰਡੀਆ ਨੂੰ ਬੰਗਲਾਦੇਸ਼ 'ਤੇ 512 ਦੌੜਾਂ ਦੀ ਵੱਡੀ ਬੜ੍ਹਤ ਮਿਲੀ ਹੈ। ਭਾਰਤ ਵੱਲੋਂ ਦੂਜੀ ਪਾਰੀ ਵਿੱਚ ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਦੂਜੀ ਪਾਰੀ ਵਿੱਚ ਗਿੱਲ ਨੇ 152 ਗੇਂਦਾਂ ਵਿੱਚ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 110 ਅਤੇ ਪੁਜਾਰਾ ਨੇ 130 ਗੇਂਦਾਂ ਵਿੱਚ 13 ਚੌਕਿਆਂ ਦੀ ਮਦਦ ਨਾਲ ਨਾਬਾਦ 102 ਦੌੜਾਂ ਬਣਾਈਆਂ।


ਪੁਜਾਰਾ ਅਤੇ ਗਿੱਲ ਨੇ ਸੈਂਕੜੇ ਲਾਏ


ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਟੀਮ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਰਾਹੁਲ ਦੂਜੀ ਪਾਰੀ ਵਿੱਚ ਵੀ ਵੱਡਾ ਸਕੋਰ ਨਹੀਂ ਬਣਾ ਸਕੇ ਅਤੇ 23 ਦੌੜਾਂ ਬਣਾ ਕੇ ਆਊਟ ਹੋ ਗਏ। ਰਾਹੁਲ ਦੇ ਆਊਟ ਹੋਣ ਤੋਂ ਬਾਅਦ ਗਿੱਲ ਅਤੇ ਪੁਜਾਰ ਨੇ ਟੀਮ ਇੰਡੀਆ ਲਈ ਤੇਜ਼ੀ ਨਾਲ ਸਕੋਰ ਬਣਾਉਣਾ ਸ਼ੁਰੂ ਕਰ ਦਿੱਤਾ।


  ਇਸ ਮੈਚ 'ਚ ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਵੀ ਹੋਈ ਸੀ। ਇਸ ਦੇ ਨਾਲ ਹੀ ਗਿੱਲ ਨੇ ਅੱਜ ਬੰਗਲਾਦੇਸ਼ ਖਿਲਾਫ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਸੈਂਕੜਾ ਲਗਾਉਣ ਤੋਂ ਬਾਅਦ ਗਿੱਲ ਜ਼ਿਆਦਾ ਦੇਰ ਟਿਕ ਨਹੀਂ ਸਕੇ ਅਤੇ 110 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਪੁਜਾਰਾ ਨੇ ਟੀਮ ਇੰਡੀਆ ਲਈ ਇੱਕ ਸਿਰਾ ਰੱਖਿਆ ਅਤੇ ਉਸ ਨੇ ਇਸ ਮੈਚ ਵਿੱਚ 102 ਦੌੜਾਂ ਦੀ ਅਜੇਤੂ ਸੈਂਕੜਾ ਵੀ ਖੇਡਿਆ, ਪੁਜਾਰਾ ਦਾ ਸੈਂਕੜਾ 51 ਪਾਰੀਆਂ ਤੋਂ ਬਾਅਦ ਆਇਆ। ਪੁਜਾਰਾ ਅਤੇ ਗਿੱਲ ਦੇ ਸੈਂਕੜੇ ਦੇ ਦਮ 'ਤੇ ਭਾਰਤ ਨੇ 258 ਦੌੜਾਂ 'ਤੇ ਦੂਜੀ ਪਾਰੀ ਐਲਾਨ ਦਿੱਤੀ।



258 ਦੌੜਾਂ 'ਤੇ ਦੂਜੀ ਪਾਰੀ ਦੇ ਐਲਾਨ ਦੇ ਨਾਲ ਹੀ ਇਸ ਮੈਚ 'ਚ ਟੀਮ ਇੰਡੀਆ ਦੀ ਕੁੱਲ ਬੜ੍ਹਤ 512 ਦੌੜਾਂ ਹੋ ਗਈ ਹੈ। ਹੁਣ ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 513 ਦੌੜਾਂ ਬਣਾਉਣੀਆਂ ਪੈਣਗੀਆਂ। ਪਹਿਲੀ ਪਾਰੀ 'ਚ ਭਾਰਤ ਨੇ ਜਿਸ ਤਰ੍ਹਾਂ ਦੀ ਗੇਂਦਬਾਜ਼ੀ ਕੀਤੀ, ਉਸ ਨੂੰ ਦੇਖਦੇ ਹੋਏ ਬੰਗਲਾਦੇਸ਼ ਲਈ ਇਸ ਟੀਚੇ 'ਤੇ ਪਹੁੰਚਣਾ ਜਾਂ ਮੈਚ ਡਰਾਅ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ।