IND vs ENG: ਟੀਮ ਇੰਡੀਆ ਨੇ ਇੰਗਲੈਂਡ ਨੂੰ 5 ਵਿਕਟਾਂ ਤੋਂ ਹਰਾ ਕੇ ਸੀਰੀਜ਼ `ਤੇ ਕੀਤਾ ਕਬਜ਼ਾ, ਪੰਤ ਦਾ ਸ਼ਾਨਦਾਰ ਸੈਂਕੜਾ
England vs India: ਭਾਰਤ ਨੇ ਮਾਨਚੈਸਟਰ ਵਨਡੇ ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ ਹੈ।
England vs India: ਭਾਰਤ ਨੇ ਮਾਨਚੈਸਟਰ ਵਨਡੇ ਵਿੱਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਓਲਡ ਟ੍ਰੈਫਰਡ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ 260 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਭਾਰਤ ਨੇ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਟੀਮ ਇੰਡੀਆ ਲਈ ਰਿਸ਼ਭ ਪੰਤ ਨੇ ਜ਼ਬਰਦਸਤ ਸੈਂਕੜਾ ਲਗਾਇਆ। ਦੂਜੇ ਪਾਸੇ ਹਾਰਦਿਕ ਪੰਡਯਾ ਨੇ ਆਲਰਾਊਂਡਰ ਪ੍ਰਦਰਸ਼ਨ ਦਿੱਤਾ।
ਇੰਗਲੈਂਡ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ। ਰੋਹਿਤ 17 ਗੇਂਦਾਂ ਵਿੱਚ 17 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ ਵੀ 17 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਸੂਰਿਆਕੁਮਾਰ ਯਾਦਵ ਨੇ 28 ਗੇਂਦਾਂ ਦਾ ਸਾਹਮਣਾ ਕਰਦਿਆਂ ਚੌਕੇ ਦੀ ਮਦਦ ਨਾਲ 16 ਦੌੜਾਂ ਬਣਾਈਆਂ।
ਪੰਡਯਾ ਅਤੇ ਪੰਤ ਨੇ ਟੀਮ ਇੰਡੀਆ ਲਈ ਜ਼ਬਰਦਸਤ ਸਾਂਝੇਦਾਰੀ ਨਿਭਾਈ ਅਤੇ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਬਾਅਦ ਪੰਡਯਾ 55 ਗੇਂਦਾਂ 'ਚ 71 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ 10 ਚੌਕੇ ਲਾਏ। ਪੰਤ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਗਾਇਆ। ਉਸ ਨੇ 113 ਗੇਂਦਾਂ 'ਤੇ 16 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 125 ਦੌੜਾਂ ਬਣਾਈਆਂ। ਜਦਕਿ ਰਵਿੰਦਰ ਜਡੇਜਾ 7 ਦੌੜਾਂ ਬਣਾ ਕੇ ਨਾਬਾਦ ਰਹੇ।
ਭਾਰਤ ਦੀ ਪਾਰੀ ਦੌਰਾਨ ਟੌਪਲੇ ਨੇ ਇੰਗਲੈਂਡ ਲਈ 7 ਓਵਰਾਂ ਵਿੱਚ 35 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੌਰਾਨ ਉਸ ਨੇ ਮੇਡਨ ਓਵਰ ਕੱਢਿਆ। ਇਸ ਦੇ ਨਾਲ ਹੀ ਓਵਰਟਨ ਅਤੇ ਕਾਰਸੀ ਨੇ ਵੀ ਇੱਕ-ਇੱਕ ਵਿਕਟ ਲਈ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 45.5 ਓਵਰਾਂ ਵਿੱਚ ਆਲ ਆਊਟ ਹੋਣ ਤੋਂ ਪਹਿਲਾਂ 259 ਦੌੜਾਂ ਬਣਾਈਆਂ। ਇਸ ਦੌਰਾਨ ਟੀਮ ਲਈ ਕਪਤਾਨ ਜੋਸ ਬਟਲਰ ਨੇ 60 ਦੌੜਾਂ ਬਣਾਈਆਂ। ਉਨ੍ਹਾਂ ਨੇ 80 ਗੇਂਦਾਂ 'ਚ 3 ਚੌਕੇ ਅਤੇ 2 ਛੱਕੇ ਲਗਾਏ। ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ 31 ਗੇਂਦਾਂ 'ਤੇ 41 ਦੌੜਾਂ ਬਣਾਈਆਂ। ਲਿਵਿੰਗਸਟੋਨ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਡੇਵਿਡ ਵਿਲੀ ਨੇ 18 ਦੌੜਾਂ ਦਾ ਯੋਗਦਾਨ ਪਾਇਆ।
ਟੀਮ ਇੰਡੀਆ ਲਈ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 7 ਓਵਰਾਂ 'ਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਦੌਰਾਨ ਉਸ ਨੇ 3 ਮੇਡਨ ਓਵਰ ਵੀ ਕਰਵਾਏ। ਮੁਹੰਮਦ ਸਿਰਾਜ ਨੇ 9 ਓਵਰਾਂ 'ਚ 66 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਯੁਜਵੇਂਦਰ ਚਾਹਲ ਨੇ 9.5 ਓਵਰਾਂ ਵਿੱਚ 60 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੂੰ ਵੀ ਸਫਲਤਾ ਮਿਲੀ।