ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
ਆਮ ਆਦਮੀ ਪਾਰਟੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ Arvind Kejriwal ਅਤੇ ਮੁੱਖ ਮੰਤਰੀ Bhagwant Mann ਨੇ ਲਾਂਚ ਕੀਤਾ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਪ੍ਰੋਜੈਕਟ ਸਾਫ਼ ਨੀਅਤ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਨਾ ਸਿਰਫ਼ ਪੰਜਾਬ ਵਿੱਚ, ਸਗੋਂ ਕਿਸੇ ਹੋਰ ਰਾਜ ਵਿੱਚ ਵੀ ਪਹਿਲਾਂ ਨਹੀਂ ਚਲਾਈ ਗਈ। ਨਸ਼ਾ ਸਿਰਫ਼ ਪੰਜਾਬ ਵਿੱਚ ਨਹੀਂ, ਹਰਿਆਣਾ, ਦਿੱਲੀ ਅਤੇ ਗੁਜਰਾਤ ਵਿੱਚ ਵੀ ਵਿਕਦਾ ਹੈ, ਪਰ ਉੱਥੇ ਦੀਆਂ ਸਰਕਾਰਾਂ ਨੇ ਕੋਈ ਢੰਗ ਦਾ ਕਦਮ ਨਹੀਂ ਚੁੱਕਿਆ।
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ, ਉਸ ਦੌਰਾਨ ਨਸ਼ਾ ਘਰ-ਘਰ ਤੱਕ ਪਹੁੰਚ ਗਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਆਈ, ਜਿਨ੍ਹਾਂ ਨੇ 60 ਦਿਨਾਂ ਵਿੱਚ ਨਸ਼ਾ ਖ਼ਤਮ ਕਰਨ ਦੀ ਕਸਮ ਖਾਈ, ਪਰ ਕੁਝ ਵੀ ਨਹੀਂ ਕੀਤਾ। ਬਿਨਾਂ ਨਾਮ ਲਏ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਤੋਂ ਲੋਕ ਡਰਦੇ ਸਨ, ਅਸੀਂ ਉਸਨੂੰ ਜੇਲ੍ਹ ਵਿੱਚ ਪਾਇਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ਾ ਹਰ ਥਾਂ ਹੈ, ਪਰ ਬਦਨਾਮ ਸਿਰਫ਼ ਪੰਜਾਬ ਨੂੰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ਦੇ ਮਾਘੀ ਮੇਲੇ ਵਿੱਚ ਅਕਾਲੀ ਦਲ ਦੀ ਆਖ਼ਰੀ ਕਾਨਫਰੰਸ ਹੋਵੇਗੀ, ਉਸ ਤੋਂ ਬਾਅਦ ਅਕਾਲੀ ਦਲ ਖ਼ਤਮ ਹੋ ਜਾਵੇਗਾ।
ਕੇਜਰੀਵਾਲ ਨੇ ਕਿਹਾ – ਡਰਾਇਆ ਗਿਆ, ਪਰ ਅਸੀਂ ਡਰੇ ਨਹੀਂ
ਕੇਜਰੀਵਾਲ ਨੇ ਦੱਸਿਆ ਕਿ ਜਦੋਂ ਨਸ਼ਿਆਂ ਖ਼ਿਲਾਫ਼ ਜੰਗ ਸ਼ੁਰੂ ਕਰਨ ਦੀ ਗੱਲ ਆਈ, ਤਾਂ ਕਈ ਲੋਕਾਂ ਨੇ ਡਰਾਇਆ ਕਿ ਇਹ ਬਹੁਤ ਖ਼ਤਰਨਾਕ ਲੋਕ ਹਨ ਅਤੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਰ ਅਸੀਂ ਨਹੀਂ ਡਰੇ, ਕਿਉਂਕਿ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੇ ਵੱਡੇ ਘਰ, ਮਹਲ ਅਤੇ ਇਮਾਰਤਾਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ‘ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ। ਜਿਸਦਾ ਨਾਮ ਲੈਣ ਤੋਂ ਲੋਕ ਡਰਦੇ ਸਨ, ਉਸਨੂੰ ਫੜ ਕੇ ਜੇਲ੍ਹ ਵਿੱਚ ਪਾਇਆ ਗਿਆ। ਇਹ ਆਮ ਆਦਮੀ ਪਾਰਟੀ ਦੀ ਹਿੰਮਤ ਸੀ, ਜਿਸ ਨੇ ਇਹ ਸਭ ਕਰ ਕੇ ਦਿਖਾਇਆ।

















