IND Vs ENG: ਇੰਗਲੈਂਡ ਵਿਰੁੱਧ ਪਹਿਲੇ 2 ਟੈਸਟ ਨਹੀਂ ਖੇਡ ਸਕਣਗੇ ਪ੍ਰਿਥਵੀ ਸ਼ਾਅ ਤੇ ਸੂਰਿਆ ਕੁਮਾਰ, ਜਾਣੋ ਕਾਰਨ
ਪ੍ਰਿਥਵੀ ਸ਼ਾਅ ਅਤੇ ਸੂਰਿਆਕੁਮਾਰ ਯਾਦਵ ਇਸ ਸਮੇਂ ਸ਼੍ਰੀਲੰਕਾ ਦੇ ਦੌਰੇ 'ਤੇ ਹਨ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਸੀਮਤ ਓਵਰਾਂ ਦੀ ਲੜੀ ਦਾ ਆਖਰੀ ਮੈਚ 29 ਜੁਲਾਈ ਨੂੰ ਖੇਡਿਆ ਜਾਵੇਗਾ।
IND Vs ENG: ਇੰਗਲੈਂਡ ਦੌਰੇ 'ਤੇ ਟੀਮ ਇੰਡੀਆ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਿੰਨ ਭਾਰਤੀ ਖਿਡਾਰੀ ਸੱਟ ਲੱਗਣ ਕਾਰਨ ਇੰਗਲੈਂਡ ਖ਼ਿਲਾਫ਼ 5 ਟੈਸਟ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਪ੍ਰਿਥਵੀ ਸ਼ਾਅ ਤੇ ਸੂਰਿਆ ਕੁਮਾਰ ਯਾਦਵ ਨੂੰ ਇੰਗਲੈਂਡ ਭੇਜਣ ਦਾ ਫ਼ੈਸਲਾ ਕੀਤਾ ਹੈ ਪਰ ਪਹਿਲੇ ਦੋ ਟੈਸਟਾਂ 'ਚ ਪ੍ਰਿਥਵੀ ਸ਼ਾਅ ਤੇ ਸੂਰਿਆਕੁਮਾਰ ਯਾਦਵ ਦਾ ਟੀਮ 'ਚ ਸ਼ਾਮਲ ਹੋਣਾ ਸੰਭਵ ਨਹੀਂ।
ਪ੍ਰਿਥਵੀ ਸ਼ਾਅ ਅਤੇ ਸੂਰਿਆਕੁਮਾਰ ਯਾਦਵ ਇਸ ਸਮੇਂ ਸ਼੍ਰੀਲੰਕਾ ਦੇ ਦੌਰੇ 'ਤੇ ਹਨ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਸੀਮਤ ਓਵਰਾਂ ਦੀ ਲੜੀ ਦਾ ਆਖਰੀ ਮੈਚ 29 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਹੀ ਸੂਰਿਆਕੁਮਾਰ ਤੇ ਪ੍ਰਿਥਵੀ ਸ਼ਾਅ ਨੂੰ ਇੰਗਲੈਂਡ ਲਈ ਰਵਾਨਾ ਹੋਣਾ ਪਿਆ।
ਪਰ ਇੰਗਲੈਂਡ 'ਚ ਕੋਰੋਨਾ ਵਾਇਰਸ ਦੇ ਬਹੁਤ ਸਖਤ ਪ੍ਰੋਟੋਕੋਲ ਲਾਗੂ ਹਨ। ਸੂਰਿਆਕੁਮਾਰ ਤੇ ਪ੍ਰਿਥਵੀ ਸ਼ਾਅ ਨੂੰ ਇੰਗਲੈਂਡ ਪਹੁੰਚਣ ਤੋਂ ਬਾਅਦ ਕੁਆਰੰਟੀਨ ਰਹਿਣਾ ਪਵੇਗਾ, ਕਿਉਂਕਿ ਸ਼੍ਰੀਲੰਕਾ 'ਚ ਭਾਰਤੀ ਟੀਮ ਦਾ ਇੱਕ ਖਿਡਾਰੀ ਕੋਵਿਡ ਪੌਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਇੱਕ ਹਫ਼ਤੇ ਲਈ ਕੁਆਰੰਟੀਨ ਰਹਿਣਾ ਪੈ ਸਕਦਾ ਹੈ।
ਕੁਆਰੰਟੀਨ ਪੀਰੀਅਡ ਰਾਹ 'ਚ ਰੁਕਾਵਟ
ਅਜਿਹੀ ਸਥਿਤੀ 'ਚ ਸੂਰਿਆ ਕੁਮਾਰ ਯਾਦਵ ਤੇ ਪ੍ਰਿਥਵੀ ਸ਼ਾਅ ਦਾ ਪਹਿਲੇ ਦੋ ਟੈਸਟ ਮੈਚਾਂ ਵਿੱਚ ਟੀਮ 'ਚ ਸ਼ਾਮਲ ਹੋਣਾ ਸੰਭਵ ਨਹੀਂ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਮੈਚ 14 ਅਗਸਤ ਤੋਂ ਸ਼ੁਰੂ ਹੋਵੇਗਾ। ਉਦੋਂ ਤਕ ਇਨ੍ਹਾਂ ਖਿਡਾਰੀਆਂ ਦਾ ਕੁਆਰੰਟੀਨ ਪੀਰੀਅਡ ਪੂਰਾ ਨਹੀਂ ਹੋ ਸਕੇਗਾ।
ਪ੍ਰਿਥਵੀ ਸ਼ਾਅ ਤੇ ਸੂਰਿਆਕੁਮਾਰ ਯਾਦਵ ਨੂੰ ਵੀ ਕੁਆਰੰਟਾਈਨ ਪੀਰੀਅਡ ਤੋਂ ਬਾਅਦ ਨੈੱਟ ਅਭਿਆਸ ਲਈ ਸਮੇਂ ਦੀ ਜ਼ਰੂਰਤ ਹੋਵੇਗੀ। ਜੇ ਦੋਵੇਂ ਖਿਡਾਰੀਆਂ ਨੂੰ ਸ੍ਰੀਲੰਕਾ 'ਚ ਵੀ ਇਕੱਲਿਆਂ ਰਹਿਣਾ ਹੈ ਤਾਂ ਵੀ ਤੀਜੇ ਟੈਸਟ 'ਚ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਨਾ ਦੇ ਬਰਾਬਰ ਹੀ ਰਹਿ ਜਾਵੇਗੀ।
ਦੱਸ ਦੇਈਏ ਕਿ ਟੀਮ ਪ੍ਰਬੰਧਨ ਨੇ ਅਭਿਮੰਨਿਊ ਈਸ਼ਵਰਨ ਨੂੰ ਸ਼ੁਭਮਨ ਗਿੱਲ ਦੀ ਜਗ੍ਹਾ ਟੀਮ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਜਿੰਕਿਆ ਰਹਾਣੇ ਨੇ ਵੀ ਨੈੱਟ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ ਤੇ ਟੀਮ ਮੈਨੇਜ਼ਮੈਂਟ ਨੂੰ ਪਹਿਲੇ ਟੈਸਟ ਮੈਚ 'ਚ ਉਨ੍ਹਾਂ ਦੇ ਖੇਡਣ ਦੀ ਉਮੀਦ ਹੈ।