IND vs SA T20 World Cup 2022 Match Highlights : ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਮਾਰਕਰਮ-ਮਿਲਰ ਨੇ ਲਾਇਆ ਅਰਧ ਸੈਂਕੜਾ
India vs South Africa: ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਐਡਿਨ ਮਾਰਕਰਮ ਅਤੇ ਡੇਵਿਡ ਮਿਲਰ ਨੇ ਅਰਧ ਸੈਂਕੜੇ ਲਾਏ।
ਰਜਨੀਸ਼ ਕੌਰ ਦੀ ਰਿਪੋਰਟ
India vs South Africa T20 World Cup 2022: ਪਰਥ 'ਚ ਖੇਡੇ ਗਏ ਮੈਚ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਡੇਵਿਡ ਮਿਲਰ ਨੇ ਇਸ ਰੋਮਾਂਚਕ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਅਜੇਤੂ ਅਰਧ ਸੈਂਕੜਾ ਲਾਇਆ। ਟੀਮ ਲਈ ਐਡਿਨ ਮਾਰਕਰਮ ਨੇ ਵੀ ਅਰਧ ਸੈਂਕੜਾ ਜੜਿਆ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ 68 ਦੌੜਾਂ ਦੀ ਪਾਰੀ ਖੇਡੀ। ਜਦਕਿ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਭਾਰਤ ਲਈ ਕਾਫੀ ਮਹਿੰਗਾ ਸਾਬਤ ਹੋਇਆ। ਉਸ ਨੇ 43 ਦੌੜਾਂ ਦਿੱਤੀਆਂ।
ਐਡਿਨ ਮਾਰਕਰਮ ਨੇ ਜੜਿਆ ਅਰਧ ਸੈਂਕੜਾ
ਟੀਮ ਇੰਡੀਆ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਅਤੇ ਟੇਂਬਾ ਬਾਵੁਮਾ ਓਪਨਿੰਗ ਕਰਨ ਆਏ। ਇਸ ਦੌਰਾਨ ਡੀ ਕਾਕ 1 ਦੌੜ ਬਣਾ ਕੇ ਆਊਟ ਹੋ ਗਏ। ਜਦਕਿ ਬਾਵੁਮਾ 15 ਗੇਂਦਾਂ 'ਚ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਿਲੇ ਰੋਜ਼ ਖਾਤਾ ਵੀ ਨਹੀਂ ਖੋਲ੍ਹ ਸਕੀ। ਉਹਨਾਂ ਨੂੰ ਅਰਸ਼ਦੀਪ ਸਿੰਘ ਨੇ ਆਪਣਾ ਸ਼ਿਕਾਰ ਬਣਾਇਆ। ਐਡਿਨ ਮਾਰਕਰਮ ਨੇ ਅਰਧ ਸੈਂਕੜਾ ਜੜਿਆ। ਉਸ ਨੇ 41 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਮਾਰਕਰਮ ਦੀ ਪਾਰੀ ਵਿੱਚ 6 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਭਾਰਤ ਨੇ ਦਿੱਤਾ ਸੀ ਸਿਰਫ਼ 133 ਦੌੜਾਂ ਦਾ ਟੀਚਾ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ ਟੀਮ ਲਈ ਵਧੀਆ ਬੱਲੇਬਾਜ਼ੀ ਕੀਤੀ। ਉਸ ਨੇ 40 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਉਨ੍ਹਾਂ ਨੇ 6 ਚੌਕੇ ਅਤੇ 3 ਛੱਕੇ ਵੀ ਲਗਾਏ। ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਆਊਟ ਹੋ ਗਏ। ਉਸਨੇ 14 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਵਿਰਾਟ ਕੋਹਲੀ 11 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਨ੍ਹਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਦੋਹਰੇ ਅੰਕੜੇ ਨੂੰ ਨਹੀਂ ਛੂਹ ਸਕਿਆ। ਕੇਐਲ ਰਾਹੁਲ 9 ਦੌੜਾਂ ਬਣਾ ਕੇ ਆਊਟ ਹੋਏ ਅਤੇ ਹਾਰਦਿਕ ਪੰਡਯਾ ਨੇ 2 ਦੌੜਾਂ ਬਣਾਈਆਂ।
ਭਾਰਤ ਦੀ ਸ਼ੁਰੂਆਤ ਰਹੀ ਖ਼ਰਾਬ
ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਸਿਰਫ਼ 9 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਨੇ 14 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਵਿਰਾਟ ਕੋਹਲੀ 11 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਸੂਰਿਆਕੁਮਾਰ ਨੇ ਇੱਕ ਸਿਰਾ ਮਜ਼ਬੂਤੀ ਨਾਲ ਫੜ ਲਿਆ। ਉਹਨਾਂ ਨੇ 40 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ 6 ਚੌਕੇ ਅਤੇ 3 ਛੱਕੇ ਲਾਏ। ਆਲਰਾਊਂਡਰ ਦੀਪਕ ਹੁੱਡਾ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ।
ਹਾਰਦਿਕ ਪੰਡਯਾ ਤੇ ਦਿਨੇਸ਼ ਕਾਰਤਿਕ ਨਹੀਂ ਕਰ ਸਕੇ ਕੁੱਝ ਖਾਸ
ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਵੀ ਕੁਝ ਖਾਸ ਨਹੀਂ ਕਰ ਸਕੇ। ਪੰਡਯਾ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕਾਰਤਿਕ ਬੱਲੇਬਾਜ਼ੀ ਦੌਰਾਨ ਸੰਘਰਸ਼ ਕਰਦੇ ਨਜ਼ਰ ਆਏ। ਉਹ 15 ਗੇਂਦਾਂ ਵਿੱਚ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਰਵੀਚੰਦਰਨ ਅਸ਼ਵਿਨ ਵੀ 7 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਸ਼ਮੀ ਖਾਤਾ ਵੀ ਨਹੀਂ ਖੋਲ੍ਹ ਸਕੇ। ਭੁਵਨੇਸ਼ਵਰ ਕੁਮਾਰ 4 ਦੌੜਾਂ ਬਣਾ ਕੇ ਨਾਬਾਦ ਰਹੇ। ਅਰਸ਼ਦੀਪ ਸਿੰਘ 2 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤਰ੍ਹਾਂ ਭਾਰਤ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਈਆਂ।
ਐਨਗਿਡੀ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ
ਦੱਖਣੀ ਅਫ਼ਰੀਕਾ ਲਈ ਲੂੰਗੀ ਐਨਗਿਡੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਹਨਾਂ ਨੇ 4 ਓਵਰਾਂ 'ਚ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਪਾਰਨੇਲ ਨੇ 4 ਓਵਰਾਂ 'ਚ 3 ਵਿਕਟਾਂ ਲਈਆਂ। ਉਸ ਨੇ 15 ਦੌੜਾਂ ਦਿੱਤੀਆਂ ਅਤੇ ਮੇਡਨ ਓਵਰ ਕੱਢਿਆ। ਐਨਰਿਕ ਨੌਰਟਜੇ ਨੂੰ ਵੀ ਸਫਲਤਾ ਮਿਲੀ। ਉਸ ਨੇ 4 ਓਵਰਾਂ ਵਿੱਚ 23 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਕੋਈ ਵੀ ਗੇਂਦਬਾਜ਼ ਵਿਕਟ ਨਹੀਂ ਲੈ ਸਕਿਆ।
ਕੇਐੱਲ ਰਾਹੁਲ ਫਿਰ ਰਹੇ ਫਲਾਪ
2022 ਦਾ ਟੀ-20 ਵਿਸ਼ਵ ਕੱਪ ਹੁਣ ਤੱਕ ਭਾਰਤੀ ਟੀਮ ਲਈ ਚੰਗਾ ਰਿਹਾ ਹੈ, ਪਰ ਟੀਮ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਲਈ ਨਹੀਂ। ਟੀਮ ਇੰਡੀਆ ਆਪਣਾ ਤੀਜਾ ਮੈਚ ਪਰਥ 'ਚ ਦੱਖਣੀ ਅਫਰੀਕਾ ਖਿਲਾਫ ਖੇਡ ਰਹੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਾਕਿਸਤਾਨ ਅਤੇ ਨੀਦਰਲੈਂਡ ਖਿਲਾਫ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਸਨ। ਪਰ ਹੁਣ ਤੱਕ ਕਿਸੇ ਵੀ ਮੈਚ ਵਿੱਚ ਕੇਐੱਲ ਰਾਹੁਲ ਦੇ ਬੱਲੇ ਤੋਂ ਕੋਈ ਦੌੜਾਂ ਨਹੀਂ ਆਈਆਂ ਹਨ। ਅਫਰੀਕਾ ਖਿਲਾਫ ਖੇਡੇ ਜਾ ਰਹੇ ਇਸ ਮੈਚ 'ਚ ਉਹ ਇਕ ਵਾਰ ਫਿਰ ਅਸਫਲ ਸਾਬਤ ਹੋਇਆ।