T-20 World Cup 2024: ਭਾਰਤ-ਪਾਕਿਸਤਾਨ ਮੁਕਾਬਲੇ 'ਚ ਅਰਸ਼ਦੀਪ ਸਿੰਘ 'ਤੇ ਸਭ ਦੀਆਂ ਨਜ਼ਰਾਂ, 2022 'ਚ ਅੱਧੀ ਪਾਕਿਸਤਾਨੀ ਟੀਮ ਕੀਤੀ ਸੀ ਢੇਰ !
ਅਰਸ਼ਦੀਪ ਪਹਿਲੀ ਹੀ ਗੇਂਦ 'ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਵਿਕਟ ਲਿਆ। 2022 ਵਿੱਚ ਅਰਸ਼ਦੀਪ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਟੀਮ ਲਈ ਤਿੰਨ ਵਿਕਟਾਂ ਲਈਆਂ ਸਨ। ਬਾਬਰ ਦੇ ਨਾਲ-ਨਾਲ ਉਸ ਨੇ ਰਿਜ਼ਵਾਨ ਅਤੇ ਆਸਿਫ ਦੀਆਂ ਵਿਕਟਾਂ ਵੀ ਲਈਆਂ।
T-20 World Cup 2024: ਟੀ-20 ਵਿਸ਼ਵ ਕੱਪ 2024 'ਚ ਅੱਜ ਸ਼ਾਮ 7 ਵਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਸਭ ਦੀਆਂ ਨਜ਼ਰਾਂ ਮੋਹਾਲੀ ਦੇ ਖਰੜ ਸ਼ਹਿਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ 'ਤੇ ਹੋਣਗੀਆਂ ਕਿਉਂਕਿ ਉਹ ਭਾਰਤ ਲਈ ਵਿਕਟਾਂ ਲੈਣ ਵਿੱਚ ਮਾਹਿਰ ਹੈ। ਉਹ 2022 ਟੀ-20 ਏਸ਼ੀਆ ਕੱਪ 'ਚ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਇਆ। ਉਸ ਨੇ ਪਹਿਲੀ ਹੀ ਗੇਂਦ 'ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਵਿਕਟ ਲਿਆ। 2022 ਵਿੱਚ ਅਰਸ਼ਦੀਪ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਟੀਮ ਲਈ ਤਿੰਨ ਵਿਕਟਾਂ ਲਈਆਂ ਸਨ। ਬਾਬਰ ਦੇ ਨਾਲ-ਨਾਲ ਉਸ ਨੇ ਰਿਜ਼ਵਾਨ ਅਤੇ ਆਸਿਫ ਦੀਆਂ ਵਿਕਟਾਂ ਵੀ ਲਈਆਂ।
ਏਸ਼ੀਆ ਕੱਪ 'ਚ ਕੈਚ ਛੱਡਣ 'ਤੇ ਹੋਏ ਟ੍ਰੋਲ
ਅਰਸ਼ਦੀਪ ਸਿੰਘ ਨੂੰ 2022 ਏਸ਼ੀਆ ਕੱਪ 'ਚ ਕਾਫੀ ਟ੍ਰੋਲ ਕੀਤਾ ਗਿਆ ਸੀ। ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਇਸ ਮੈਚ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਅਰਸ਼ਦੀਪ ਸਿੰਘ ਤੋਂ 17ਵੇਂ ਓਵਰ 'ਚ ਪਾਕਿਸਤਾਨੀ ਖਿਡਾਰੀ ਆਸਿਫ ਅਲੀ ਦਾ ਕੈਚ ਛੁੱਟ ਗਿਆ ਸੀ। ਇਸ ਤੋਂ ਬਾਅਦ ਆਸਿਫ ਨੇ 8 ਗੇਂਦਾਂ 'ਤੇ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਮੈਚ ਜਿਤਾਇਆ। ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਸਿਰਫ਼ ਇੱਕ ਵਿਕਟ ਲਈ। ਉਹ ਵਿਕਟ ਵੀ ਆਸਿਫ ਦੀ ਸੀ, ਜੋ ਉਸ ਨੂੰ ਆਖਰੀ ਓਵਰ 'ਚ ਮਿਲੀ। ਇਸ ਕੈਚ ਦੇ ਛੁੱਟਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ ਤਾਂ ਵਿਰਾਟ ਕੋਹਲੀ ਵੀ ਉਨ੍ਹਾਂ ਦੇ ਸਮਰਥਨ 'ਚ ਆ ਗਏ।
ਵਿਰਾਟ ਕੋਹਲੀ ਦਾ ਇਹ ਰਿਕਾਰਡ ਪਾਕਿਸਤਾਨ ਲਈ ਸਿਰਦਰਦ
ਵਿਰਾਟ ਕੋਹਲੀ ਦਾ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਰਿਕਾਰਡ ਹੈ। ਵਿਰਾਟ ਕੋਹਲੀ 2012 ਤੋਂ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਹਨ। ਉਦੋਂ ਤੋਂ ਪਾਕਿਸਤਾਨ ਨੇ ਇੱਕ ਮੈਚ ਜਿੱਤਿਆ ਹੈ ਤੇ ਭਾਰਤ ਨੇ 4 ਮੈਚ ਜਿੱਤੇ ਹਨ। ਇਨ੍ਹਾਂ 'ਚੋਂ ਵਿਰਾਟ ਕੋਹਲੀ ਤਿੰਨ ਮੈਚਾਂ 'ਚ ਪਲੇਅਰ ਆਫ ਦਿ ਮੈਚ ਰਹੇ ਹਨ। ਇਸ ਤੋਂ ਇਲਾਵਾ ਵਿਰਾਟ ਨੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਚਾਰ ਵਾਰ ਅਰਧ ਸੈਂਕੜੇ ਲਗਾਏ ਹਨ, ਜਿਸ 'ਚ ਟੀਮ ਇੰਡੀਆ ਨੇ ਤਿੰਨ ਮੈਚ ਜਿੱਤੇ ਹਨ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਜਦੋਂ ਵੀ ਮੈਚ ਜਿੱਤਿਆ ਹੈ ਤਾਂ ਵਿਰਾਟ ਕੋਹਲੀ ਅਜੇਤੂ ਰਹੇ ਹਨ।
ਭਾਰਤ-ਪਾਕਿਸਤਾਨ ਦੀ ਸੰਭਾਵਿਤ ਪਲੇਇੰਗ ਇਲੈਵਨ -
ਭਾਰਤ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ।
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਉਸਮਾਨ ਖਾਨ, ਫਖਰ ਜ਼ਮਾਨ, ਆਜ਼ਮ ਖਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ/ਸੈਇਮ ਅਯੂਬ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਆਮਿਰ, ਹਾਰਿਸ ਰਊਫ।