ਵਿਰੋਧੀਆਂ 'ਤੇ ਭੜਕੇ CM ਮਾਨ, ਕਿਹਾ..ਅਕਾਲੀ, ਕਾਂਗਰਸ ਤੇ BJP ਇਕੱਠੇ
ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਤੋਂ ਬੈਠ ਕੇ ਪੰਜਾਬ ਦੀ ਹਰ ਗਤੀਵਿਧੀ ਦੇਖ ਰਹੇ ਹਨ। ਟਿਕਟ ਲਈ ਕਿਸੇ ਨੂੰ ਵੀ ਚਮਚਾਗਿਰੀ ਕਰਨ ਦੀ ਲੋੜ ਨਹੀਂ। ਨਾ ਮੁੱਖ ਮੰਤਰੀ ਕੋਲ ਜਾਣ ਦੀ ਜ਼ਰੂਰਤ ਹੈ ਅਤੇ ਨਾ ਹੀ ਮੇਰੇ ਕੋਲ। ਜੋ ਆਮ ਲੋਕਾਂ ਲਈ ਚੰਗਾ ਕੰਮ ਕਰੇਗਾ, ਮੈਂ ਖੁਦ ਉਸਦੇ ਘਰ ਟਿਕਟ ਦੇਣ ਆਵਾਂਗਾ।
ਕੇਜਰੀਵਾਲ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਅਹੰਕਾਰ ਆ ਗਿਆ ਜਾਂ ਭ੍ਰਿਸ਼ਟਾਚਾਰ ਕਰਕੇ ਦੋ-ਚਾਰ ਪੈਸੇ ਕਮਾਉਣ ਲੱਗ ਪਏ ਤਾਂ ਜ਼ਿੰਦਗੀ ਖਤਮ ਸਮਝੋ। ਪਰ ਜੇ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਲਾਈ ਤਾਂ ਰੱਬ ਤੁਹਾਨੂੰ ਉੱਚੇ ਮਕਾਮ ਤੱਕ ਪਹੁੰਚਾ ਦੇਵੇਗਾ। ਹੋ ਸਕਦਾ ਹੈ ਭਵਿੱਖ ਵਿੱਚ ਤੁਸੀਂ ਵਿੱਚੋਂ ਹੀ ਕੋਈ ਮੁੱਖ ਮੰਤਰੀ ਬਣ ਜਾਵੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੇ ਵਿੱਚੋਂ ਕਈ ਲੋਕ 2027 ਵਿੱਚ ਵਿਧਾਨ ਸਭਾ ਵਿੱਚ ਗੂੰਜਣਗੇ। ਉਨ੍ਹਾਂ ਨੇ ਅਕਾਲੀ ਦਲ ‘ਤੇ ਤੰਜ਼ ਕਰਦਿਆਂ ਕਿਹਾ ਕਿ ਡਾਇਨਾਸੋਰ ਲਈ ਮੈਂ ਇਕੱਲਾ ਹੀ ਕਾਫ਼ੀ ਹਾਂ।
ਇਸ ਸਮਾਗਮ ਦੌਰਾਨ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੀ ਮੌਜੂਦ ਸਨ।






















