IND vs NZ 2nd ODI : ਟੀਮ ਇੰਡੀਆ ਨੇ ਰਾਏਪੁਰ ਵਨਡੇ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਸ ਤਰ੍ਹਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਦੂਜੇ ਵਨਡੇ ਵਿੱਚ ਭਾਰਤੀ ਟੀਮ ਨੂੰ ਜਿੱਤ ਲਈ 109 ਦੌੜਾਂ ਬਣਾਉਣੀਆਂ ਪਈਆਂ। ਟੀਮ ਇੰਡੀਆ ਨੇ ਸਿਰਫ਼ 20.1 ਓਵਰਾਂ ਵਿੱਚ ਸਿਰਫ਼ ਦੋ ਵਿਕਟਾਂ ਗੁਆ ਕੇ ਟੀਚੇ ਦਾ ਆਸਾਨੀ ਨਾਲ ਪਿੱਛਾ ਕਰ ਲਿਆ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਰੋਹਿਤ ਸ਼ਰਮਾ ਨੇ ਜੜੀ ਫਿਫਟੀ
ਟੀਮ ਇੰਡੀਆ ਲਈ ਕਪਤਾਨ ਰੋਹਿਤ ਸ਼ਰਮਾ ਨੇ 51 ਦੌੜਾਂ ਦੀ ਪਾਰੀ ਖੇਡੀ। ਭਾਰਤੀ ਕਪਤਾਨ ਨੇ 50 ਗੇਂਦਾਂ ਵਿੱਚ 51 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 40 ਦੌੜਾਂ ਬਣਾਈਆਂ ਜਦਕਿ ਈਸ਼ਾਨ ਕਿਸ਼ਨ 08 ਦੌੜਾਂ ਬਣਾ ਕੇ ਨਾਬਾਦ ਪਰਤੇ। ਸ਼ੁਭਮਨ ਗਿੱਲ ਨੇ ਆਪਣੀ ਪਾਰੀ ਵਿੱਚ 6 ਚੌਕੇ ਲਗਾਏ ਜਦਕਿ ਵਿਰਾਟ ਕੋਹਲੀ ਨੇ 11 ਦੌੜਾਂ ਬਣਾਈਆਂ।
ਭਾਰਤੀ ਗੇਂਦਬਾਜ਼ਾਂ ਅੱਗੇ ਕੀਵੀ ਬੱਲੇਬਾਜਾਂ ਨੇ ਟੇਕੇ ਗੋਡੇ
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 34.3 ਓਵਰਾਂ 'ਚ ਸਿਰਫ 108 ਦੌੜਾਂ 'ਤੇ ਹੀ ਸਿਮਟ ਗਈ। ਇਸ ਤਰ੍ਹਾਂ ਭਾਰਤੀ ਟੀਮ ਨੂੰ ਮੈਚ ਅਤੇ ਸੀਰੀਜ਼ ਜਿੱਤਣ ਲਈ 109 ਦੌੜਾਂ ਦਾ ਟੀਚਾ ਮਿਲਿਆ। ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਨਿਊਜ਼ੀਲੈਂਡ ਦੇ 8 ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। ਮਹਿਮਾਨ ਟੀਮ ਲਈ ਗਲੇਨ ਫਿਲਿਪਸ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪਿਛਲੇ ਮੈਚ ਦੇ ਹੀਰੋ ਮਾਈਕਲ ਬ੍ਰੇਸਵੇਲ ਨੇ 22 ਦੌੜਾਂ ਬਣਾਈਆਂ ਜਦਕਿ ਮਿਸ਼ੇਲ ਸੈਂਟਨਰ 27 ਦੌੜਾਂ ਬਣਾ ਕੇ ਆਊਟ ਹੋਏ |
ਇਹ ਵੀ ਪੜੋ : ਪੰਜਾਬ ਵਿੱਚ NIA ਦਾ ਵਧਿਆ ਦਖ਼ਲ, ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ਦੀ ਜਾਂਚ ਕਰੇਗੀ NIA
ਇੰਦੌਰ 'ਚ ਖੇਡਿਆ ਜਾਵੇਗਾ ਸੀਰੀਜ਼ ਦਾ ਆਖਰੀ ਵਨਡੇ
ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ ਸਭ ਤੋਂ ਸਫਲ ਗੇਂਦਬਾਜ਼ ਰਹੇ। ਮੁਹੰਮਦ ਸ਼ਮੀ ਨੇ 6 ਓਵਰਾਂ 'ਚ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਅਤੇ ਵਾਸ਼ਿੰਗਟਨ ਸੁੰਦਰ ਨੂੰ 2-2 ਦੀ ਕਾਮਯਾਬੀ ਮਿਲੀ। ਜਦੋਂ ਕਿ ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਸ਼ਾਰਦੁਲ ਠਾਕੁਰ ਨੇ 1-1 ਵਿਕਟ ਆਪਣੇ ਨਾਮ ਕੀਤਾ। ਹਾਲਾਂਕਿ ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ ਜਿੱਤ ਲਈ ਹੈ। ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਆਖਰੀ ਮੈਚ 24 ਜਨਵਰੀ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ।