Indian Team: ਕੋਚ ਤੋਂ ਲੈ ਕੇ ਕਪਤਾਨ ਤੱਕ, ਟੀ-20 ਚੈਂਪੀਅਨ ਬਣਨ ਵਾਲੀ ਟੀਮ ਇੰਡੀਆ ਵਿੱਚ ਹੋਣਗੇ ਇਹ ਵੱਡੇ ਬਦਲਾਅ
T20 World Cup 2024: ਟੀਮ ਇੰਡੀਆ ਨੇ 2024 ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਹੁਣ ਇਸ ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ 'ਚ ਕਪਤਾਨ ਤੋਂ ਲੈ ਕੇ ਕੋਚ ਤੱਕ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।
T20 World Cup 2024: ਟੀ-20 ਵਿਸ਼ਵ ਕੱਪ 2024 (T20 World Cup 2024) ਦਾ ਟੀਮ ਇੰਡੀਆ ਦੇ ਨਾਂਅ ਰਿਹਾ। ਭਾਰਤੀ ਟੀਮ ਨੇ ਰੋਹਿਤ ਸ਼ਰਮਾ (Rohit Sharma) ਦੀ ਕਪਤਾਨੀ 'ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰਸ਼ੰਸਕ ਖੁਸ਼ੀ ਨਾਲ ਭਰ ਗਏ ਹਨ। ਹਾਲਾਂਕਿ ਇਸ ਖੁਸ਼ੀ ਦੇ ਵਿਚਕਾਰ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਵੀ ਹੈ। ਇਸ ਵਿਸ਼ਵ ਕੱਪ ਤੋਂ ਬਾਅਦ ਭਾਰਤ ਦੀ ਟੀ-20 ਟੀਮ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਟੀ-20 ਟੀਮ 'ਚ ਕਪਤਾਨ ਅਤੇ ਕੋਚ ਸਾਰੇ ਬਦਲਣਗੇ।
ਟੀ-20 ਟੀਮ ਨੂੰ ਨਵਾਂ ਕਪਤਾਨ ਮਿਲੇਗਾ
ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਉਸ ਦੇ ਨਾਲ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਖਿਡਾਰੀਆਂ ਨੇ ਫਾਈਨਲ ਰਾਹੀਂ ਭਾਰਤ ਲਈ ਆਪਣਾ ਆਖਰੀ ਟੀ-20 ਮੈਚ ਖੇਡਿਆ। ਹੁਣ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਭਾਰਤ ਦੀ ਟੀ-20 ਟੀਮ ਵਿੱਚ ਨਜ਼ਰ ਨਹੀਂ ਆਉਣਗੇ। ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ 'ਚ ਭਾਰਤ ਦੀ ਕਮਾਨ ਸੰਭਾਲੀ ਹੈ। ਹੁਣ ਉਨ੍ਹਾਂ ਦੇ ਸੰਨਿਆਸ ਤੋਂ ਬਾਅਦ ਟੀ-20 ਟੀਮ ਨੂੰ ਨਵਾਂ ਕਪਤਾਨ ਮਿਲੇਗਾ।
ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਹਾਰਦਿਕ ਪੰਡਯਾ ਨੂੰ ਅਕਸਰ ਭਾਰਤੀ ਟੀ-20 ਟੀਮ ਦੀ ਕਮਾਨ ਸੰਭਾਲਦੇ ਦੇਖਿਆ ਗਿਆ ਹੈ। ਰੋਹਿਤ ਸ਼ਰਮਾ ਦੇ ਸਮੇਂ ਤੱਕ ਕਿਸੇ ਵੀ ਟੀ-20 ਟੀਮ ਦਾ ਸਥਾਈ ਕਪਤਾਨ ਨਹੀਂ ਸੀ ਪਰ ਹੁਣ ਰੋਹਿਤ ਤੋਂ ਬਾਅਦ ਟੀਮ ਨੂੰ ਸਥਾਈ ਕਪਤਾਨ ਮਿਲੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤ ਦੀ ਟੀ-20 ਟੀਮ ਦਾ ਸਥਾਈ ਕਪਤਾਨ ਕਿਸ ਨੂੰ ਬਣਾਇਆ ਜਾਂਦਾ ਹੈ।
ਵਿਰਾਟ ਕੋਹਲੀ ਦੀ ਜ਼ਿੰਮੇਵਾਰੀ ਕੌਣ ਸੰਭਾਲੇਗਾ?
ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਖਿਡਾਰੀ ਵਿਰਾਟ ਕੋਹਲੀ ਦੀ ਥਾਂ ਨਹੀਂ ਲੈ ਸਕਦਾ ਅਤੇ ਨਾ ਹੀ ਕੋਈ ਖਿਡਾਰੀ ਟੀਮ ਇੰਡੀਆ ਵਿੱਚ ਇਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਇਸ ਟੀ-20 ਵਿਸ਼ਵ ਕੱਪ ਨੂੰ ਛੱਡ ਕੇ ਵਿਰਾਟ ਕੋਹਲੀ ਟੀ-20 'ਚ ਵੀ ਭਾਰਤ ਲਈ ਤੀਜੇ ਨੰਬਰ 'ਤੇ ਖੇਡਦਾ ਸੀ। ਅਜਿਹੇ 'ਚ ਕੋਹਲੀ ਤੋਂ ਬਾਅਦ ਤੀਜੇ ਨੰਬਰ 'ਤੇ ਖੇਡਣ ਵਾਲੇ ਖਿਡਾਰੀ ਦੀ ਜ਼ਿੰਮੇਵਾਰੀ ਵੱਡੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਤੀਜੇ ਨੰਬਰ 'ਤੇ ਕਿਸ ਖਿਡਾਰੀ ਨੂੰ ਮੌਕਾ ਦਿੱਤਾ ਜਾਂਦਾ ਹੈ।
ਮੁੱਖ ਕੋਚ ਬਦਲੇਗਾ
ਟੀ-20 ਵਿਸ਼ਵ ਕੱਪ ਖਤਮ ਹੋਣ ਦੇ ਨਾਲ ਹੀ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਦ੍ਰਾਵਿੜ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਦੇ ਕੋਚ ਸਨ। ਹੁਣ ਟੀਮ ਇੰਡੀਆ ਨੂੰ ਤਿੰਨੋਂ ਫਾਰਮੈਟਾਂ ਵਿੱਚ ਨਵਾਂ ਕੋਚ ਮਿਲੇਗਾ। ਮੁੱਖ ਕੋਚ ਲਈ ਗੌਤਮ ਗੰਭੀਰ ਦੇ ਨਾਂਅ ਦੀ ਕਾਫੀ ਚਰਚਾ ਹੈ। ਹਾਲਾਂਕਿ ਇਸ ਅਹੁਦੇ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।