IPL 2023: ਦਿੱਲੀ ਕੈਪੀਟਲਸ ਦੇ ਖਿਡਾਰੀਆਂ ਦਾ ਚੋਰੀ ਹੋਇਆ ਸਮਾਨ ਬਰਾਮਦ, ਡੇਵਿਡ ਵਾਰਨਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
David Warner IPL 2023: ਦਿੱਲੀ ਕੈਪੀਟਲਜ਼ ਦੇ ਖਿਡਾਰੀਆਂ ਦਾ ਸਮਾਨ ਚੋਰੀ ਹੋ ਗਿਆ ਸੀ। ਵਾਰਨਰ ਨੇ ਦੱਸਿਆ ਕਿ ਦੋਸ਼ੀ ਨੂੰ ਫੜ ਲਿਆ ਗਿਆ ਹੈ ਅਤੇ ਸਾਮਾਨ ਵੀ ਮਿਲ ਗਿਆ ਹੈ।
Delhi Capitals David Warner: ਜਦੋਂ ਦਿੱਲੀ ਕੈਪੀਟਲਜ਼ (DC) ਦੀ ਟੀਮ ਬੈਂਗਲੁਰੂ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਖਿਲਾਫ ਮੈਚ ਖੇਡਣ ਤੋਂ ਬਾਅਦ ਵਾਪਸ ਦਿੱਲੀ ਪਰਤੀ ਤਾਂ ਖਿਡਾਰੀਆਂ ਦੇ ਬੱਲੇ ਅਤੇ ਪੈਡ ਸਮੇਤ ਟੀਮ ਦੀਆਂ ਕ੍ਰਿਕਟ ਕਿੱਟਾਂ ਚੋਰੀ ਹੋ ਗਈਆਂ ਸਨ। ਇਸ ਤੋਂ ਬਾਅਦ ਹੁਣ ਦਿੱਲੀ ਟੀਮ ਦੇ ਕਪਤਾਨ ਡੇਵਿਡ ਵਾਰਨਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਚੋਰੀ ਦਾ ਜ਼ਿਆਦਾਤਰ ਸਾਮਾਨ ਬਰਾਮਦ ਕਰ ਲਿਆ ਹੈ। ਵਾਰਨਰ ਦੁਆਰਾ ਪੋਸਟ ਕੀਤੀ ਗਈ ਫੋਟੋ ਵਿੱਚ, ਬੱਲੇ, ਪੈਡ, ਦਸਤਾਨੇ ਅਤੇ ਹੋਰ ਚੀਜ਼ਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ।
ਚੋਰੀ ਹੋਏ ਸਮਾਨ ਦੀ ਗੱਲ ਕਰੀਏ ਤਾਂ ਡੇਵਿਡ ਵਾਰਨਰ ਅਤੇ ਫਿਲ ਸਾਲਟ ਦੇ 3-3 ਮਹੱਤਵਪੂਰਨ ਬੈਟ ਤੋਂ ਇਲਾਵਾ ਮਿਸ਼ੇਲ ਮਾਰਸ਼ ਦੇ 2 ਬੈਟ ਵੀ ਚੋਰੀ ਹੋ ਗਏ ਹਨ। ਇਸ ਤੋਂ ਇਲਾਵਾ ਟੀਮ ਦੇ ਨੌਜਵਾਨ ਖਿਡਾਰੀ ਯਸ਼ ਢੁਲ ਦੇ 5 ਬੈਟ ਚੋਰੀ ਹੋ ਗਏ ਸਨ। ਦਿੱਲੀ ਟੀਮ ਦੇ ਖਿਡਾਰੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਿਆਂ ਜਦੋਂ ਉਨ੍ਹਾਂ ਦਾ ਸਾਮਾਨ ਦਿੱਲੀ ਸਥਿਤ ਉਨ੍ਹਾਂ ਦੇ ਹੋਟਲ ਦੇ ਕਮਰਿਆਂ 'ਚ ਪਹੁੰਚਿਆ।
ਸਾਮਾਨ ਚੋਰੀ ਹੋਣ ਤੋਂ ਬਾਅਦ ਦਿੱਲੀ ਦੇ ਖਿਡਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਚੋਰਾਂ ਨੂੰ ਫੜਨ ਦੇ ਨਾਲ-ਨਾਲ ਜ਼ਿਆਦਾਤਰ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਦੇ ਚੋਰੀ ਹੋਏ 1-1 ਬੱਲੇ ਦੀ ਕੀਮਤ ਕਰੀਬ 1 ਲੱਖ ਰੁਪਏ ਹੈ।
ਦਿੱਲੀ ਕੈਪੀਟਲਸ ਲਈ ਇਸ ਸੀਜ਼ਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜਿਸ ਵਿੱਚ ਟੀਮ ਨੂੰ ਆਪਣੇ ਸ਼ੁਰੂਆਤੀ 5 ਮੈਚਾਂ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡੇ ਗਏ ਆਪਣੇ 6ਵੇਂ ਲੀਗ ਮੈਚ ਵਿੱਚ 4 ਵਿਕਟਾਂ ਨਾਲ ਜਿੱਤ ਦੇ ਨਾਲ ਇਸ ਸੀਜ਼ਨ ਪੁਆਇੰਟਸ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਹੀ।