ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜ਼ਨ ਲਈ ਵੀਰਵਾਰ ਨੂੰ ਕੋਲਕਾਤਾ ਵਿੱਚ ਖਿਡਾਰੀਆਂ ਦੀ ਨਿਲਾਮੀ ਹੋਈ। ਆਕਸ਼ਨ 'ਚ ਸ਼ਾਮਲ ਕੁੱਲ 338 ਖਿਡਾਰੀਆਂ ਵਿੱਚੋਂ ਮਹਿਜ਼ 62 ਖਿਡਾਰੀ ਵਿਕੇ, ਜਿਨ੍ਹਾਂ ‘ਚ 29 ਖਿਡਾਰੀ ਵਿਦੇਸ਼ੀ ਹਨ। ਨਿਲਾਮੀ ‘ਚ ਹਿੱਸਾ ਲੈਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੂੰ ਤਾਂ ਖਰੀਦਦਾਰ ਮਿਲ ਗਏ ਪਰ ਸਭ ਤੋਂ ਨੌਜਵਾਨ ਖਿਡਾਰੀ ਅਣਵਿਕਿਆ ਰਹਿ ਗਿਆ।

ਜੀ ਹਾਂ, ਨਿਲਾਮੀ ‘ਚ ਭਾਰਤ ਦੇ ਪ੍ਰਵੀਨ ਤਾਂਬੇ ਸਭ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਦੇ ਤੌਰ ‘ਤੇ ਸ਼ਾਮਲ ਹੋਏ ਸੀ। 48 ਸਾਲਾ ਤਾਂਬੇ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ ਬੇਸ ਪ੍ਰਾਈਜ਼ 20 ਲੱਖ ਰੁਪਏ ‘ਚ ਖਰੀਦਿਆ ਹੈ। ਜਦਕਿ ਦੂਜੇ ਪਾਸੇ ਸਭ ਤੋਂ ਨੌਜਵਾਨ ਖਿਡਾਰੀ 15 ਸਾਲਾ ਅਫਗਾਨੀ ਕ੍ਰਿਕਟਰ ਨੂਰ ਅਹਿਮਦ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਨੂਰ ਦੀ ਬੇਸ ਪ੍ਰਾਈਜ਼ 30 ਲੱਖ ਰੁਪਏ ਸੀ।


ਅਕਤੂਬਰ 1971 ‘ਚ ਜਨਮੇ ਪ੍ਰਵੀਨ ਲੈੱਗ ਬ੍ਰੇਕ ਸਪਿਨਰ ਹਨ। ਉਨ੍ਹਾਂ ਨੇ ਆਈਪੀਐਲ ‘ਚ 2013 ‘42 ਸਾਲ ਦੀ ਉਮਰ ‘ਚ ਡੈਬਿਊ ਕੀਤਾ ਸੀ। 2013 ਤੋਂ 2016 ਤਕ ਉਸ ਨੇ ਕੁਲ 33 ਆਈਪੀਐਲ ਮੈਚ ਖੇਡੇ ਜਿਸ ‘ਚ ਉਸ ਨੇ 28 ਵਿਕਟ ਹਾਸਲ ਕੀਤੇ ਹਨ। ਇਸ ਦੌਰਾਨ ਉਹ ਵੱਖ-ਵੱਖ ਟੀਮਾਂ ਦਾ ਹਿੱਸਾ ਰਿਹਾ।


ਰਾਜਸਥਾਨ ਰਾਇਲਜ਼ ਦੇ ਸਾਬਕਾ ਲੈੱਗ ਸਪਿਨਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਦੀ ਬੇਸ ਕੀਮਤ 20 ਲੱਖ ਰੁਪਏ 'ਚ ਖਰੀਦਿਆ। ਤਾਂਬੇ ਨੇ ਕਿਹਾ, "ਮੈਂ ਅਜੇ ਵੀ ਇਸ ਮਾਨਸਿਕਤਾ ਨਾਲ ਖੇਡਦਾ ਹਾਂ ਜਿਵੇਂ ਕਿ ਮੈਂ 20 ਸਾਲਾਂ ਦੀ ਹਾਂ।" ਉਸ ਨੇ ਕਿਹਾ,“ਮੈਂ ਟੀਮ 'ਚ ਆਪਣਾ ਸਾਰਾ ਤਜ਼ਰਬਾ ਤੇ ਊਰਜਾ ਲਿਆਵਾਂਗਾ। ਮੈਂ ਸਕਾਰਾਤਮਕਤਾ ਲਿਆਵਾਂਗਾ। ਮੈਂ ਜਾਣਦਾ ਹਾਂ ਕਿ ਜੇ ਮੈਂ ਟੀਮ ਦੇ ਨਾਲ ਹਾਂ ਤਾਂ ਮੈਂ ਇਹ ਕਰ ਸਕਦਾ ਹਾਂ।”