ਜਨਮਦਿਨ 'ਤੇ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਰਵਿੰਦਰ ਜਡੇਜਾ ਦੇ ਜਾਦੂ ਦੀ ਬਦੌਲਤ ਵਿਸ਼ਵ ਕੱਪ 'ਚ ਭਾਰਤ ਦੀ ਅਜੇਤੂ ਮੁਹਿੰਮ ਜਾਰੀ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਕੇ ਲਗਾਤਾਰ 8ਵੀਂ ਜਿੱਤ ਹਾਸਲ ਕੀਤੀ। ਭਾਰਤ ਨੇ ਅਫਰੀਕਾ ਨੂੰ ਜਿੱਤ ਲਈ 327 ਦੌੜਾਂ ਦਾ ਟੀਚਾ ਦਿੱਤਾ ਸੀ।
ਪਰ ਦੱਖਣੀ ਅਫ਼ਰੀਕਾ ਦੀ ਪਾਰੀ 27.3 ਓਵਰਾਂ 'ਚ ਸਿਰਫ਼ 83 ਦੌੜਾਂ 'ਤੇ ਹੀ ਆਲ ਆਊਟ ਹੋ ਗਈ। ਰਵਿੰਦਰ ਜਡੇਜਾ ਨੇ 9 ਓਵਰਾਂ 'ਚ 33 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸੈਂਕੜਾ ਲਗਾ ਕੇ ਵਿਰਾਟ ਕੋਹਲੀ ਨੇ ਵਨਡੇ 'ਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਭਾਰਤ ਦੀਆਂ 326 ਦੌੜਾਂ ਦੇ ਜਵਾਬ ਵਿੱਚ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ 6 ਦੌੜਾਂ ਦੇ ਸਕੋਰ ਨਾਲ ਲੱਗਿਆ। ਇਸ ਤੋਂ ਬਾਅਦ ਵਿਕਟਾਂ ਦੇ ਆਊਟ ਹੋਣ ਦਾ ਸਿਲਸਿਲਾ ਜਾਰੀ ਰਿਹਾ। ਦੱਖਣੀ ਅਫਰੀਕਾ ਦੇ 5 ਬੱਲੇਬਾਜ਼ 40 ਦੌੜਾਂ ਦੇ ਸਕੋਰ ਨਾਲ ਪੈਵੇਲੀਅਨ ਪਰਤ ਗਏ। ਮੁਹੰਮਦ ਸਿਰਾਜ ਨੇ ਭਾਰਤੀ ਟੀਮ ਨੂੰ ਪਹਿਲੀ ਸਫਲਤਾ ਦਿਵਾਈ। ਮੁਹੰਮਦ ਸਿਰਾਜ ਨੇ ਕਵਿੰਟਨ ਡੀ ਕਾਕ ਨੂੰ ਆਊਟ ਕੀਤਾ।
ਦੱਖਣੀ ਅਫਰੀਕਾ ਨੂੰ 22 ਦੌੜਾਂ ਦੇ ਸਕੋਰ 'ਤੇ ਦੂਜਾ ਝਟਕਾ ਲੱਗਿਆ। ਰਵਿੰਦਰ ਜਡੇਜਾ ਨੇ ਟੇਂਬਾ ਬਾਵੁਮਾ ਨੂੰ ਬੋਲਡ ਆਊਟ ਕੀਤਾ। ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਸਾਹਮਣੇ ਬੇਵੱਸ ਨਜ਼ਰ ਆਏ। ਓਪਨਰ ਬੱਲੇਬਾਜ਼ ਕਵਿੰਟਨ ਡੀ ਕਾਕ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਜਦਕਿ ਦੱਖਣੀ ਅਫਰੀਕਾ ਦੇ ਕਪਤਾਨ ਟੇਂਬਾ ਬਾਵੁਮਾ 11 ਦੌੜਾਂ ਬਣਾ ਕੇ ਵਾਕ ਆਊਟ ਹੋ ਗਏ। ਰਾਸੀ ਵਾਨ ਡੈਰ ਡੁਸੈਨ 13 ਦੌੜਾਂ ਬਣਾ ਕੇ ਮੁਹੰਮਦ ਸ਼ਮੀ ਦਾ ਸ਼ਿਕਾਰ ਬਣੇ।
8 ਦੌੜਾਂ ਬਣਾਉਣ ਤੋਂ ਬਾਅਦ ਏਡਨ ਮਾਰਕਰਮ ਮੁਹੰਮਦ ਸ਼ਮੀ ਦੀ ਗੇਂਦ 'ਤੇ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਹੋ ਗਏ। ਜਦੋਂ ਕਿ ਹੇਨਰਿਕ ਕਲਾਸੇਨ ਸਿਰਫ 1 ਦੌੜ ਹੀ ਬਣਾ ਸਕੇ। ਹੇਨਰਿਕ ਕਲਾਸੇਨ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। ਇਸ ਤੋਂ ਬਾਅਦ ਡੇਵਿਡ ਮਿਲਰ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਮਾਰਕੋ ਯੂਨਸਨ 14 ਦੌੜਾਂ ਬਣਾ ਕੇ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ। ਕੇਸ਼ਵ ਮਹਾਰਾਜ 7 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਦੇ ਹੱਥੋਂ ਬੋਲਡ ਹੋ ਗਏ। ਲੂੰਗੀ ਏਨਗਿਡੀ ਬਿਨਾਂ ਕੋਈ ਰਨ ਬਣਾਏ ਕੁਲਦੀਪ ਯਾਦਵ ਦੀ ਗੇਂਦ 'ਤੇ ਆਊਟ ਹੋ ਗਏ। ਰਵਿੰਦਰ ਜਡੇਜਾ ਨੇ ਕਾਗਿਸੋ ਰਬਾਡਾ ਨੂੰ 6 ਦੌੜਾਂ ਦੇ ਸਕੋਰ 'ਤੇ ਆਊਟ ਕੀਤਾ।
ਰਵਿੰਦਰ ਜਡੇਜਾ ਨੇ ਖੋਲ੍ਹਿਆ ਪੰਜਾ
ਭਾਰਤ ਲਈ ਰਵਿੰਦਰ ਜਡੇਜਾ ਸਭ ਤੋਂ ਸਫਲ ਗੇਂਦਬਾਜ਼ ਰਹੇ। ਰਵਿੰਦਰ ਜਡੇਜਾ ਨੇ 9 ਓਵਰਾਂ ਵਿੱਚ 33 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਅਤੇ ਕੁਲਦੀਪ ਯਾਦਵ ਨੇ 2-2 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੂੰ 1 ਸਫਲਤਾ ਮਿਲੀ।