R Ashwin: ਤੁਸੀਂ ਕਪਿਲ ਦੇਵ ਤੋਂ ਬਾਅਦ ਸਭ ਤੋਂ ਸਫਲ ਆਲਰਾਊਂਡਰ ਹੋ? ਆਰ ਅਸ਼ਵਿਨ ਨੇ ਕੁਝ ਇਸ ਤਰ੍ਹਾਂ ਦਿੱਤਾ ਇਸ ਸਵਾਲ ਦਾ ਜਵਾਬ
ਭਾਰਤੀ ਕ੍ਰਿਕਟ ਟੀਮ ਦੇ ਆਲ ਰਾਊਂਡਰ ਆਰ ਅਸ਼ਵਿਨ ਨੇ ਕਿਹਾ, "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਤੀਤ 'ਚ ਕਿਸ ਨੇ ਕੀ ਕੀਤਾ ਹੈ? ਤੁਹਾਨੂੰ ਹੁਣ ਦੁਨੀਆ 'ਚ ਸਭ ਤੋਂ ਵਧੀਆ ਬਣਨਾ ਹੋਵੇਗਾ।"
R Ashwin and Kapil Dev: ਕਪਿਲ ਦੇਵ ਨੂੰ ਭਾਰਤ ਦਾ ਸਭ ਤੋਂ ਮਹਾਨ ਆਲਰਾਊਂਡਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ 130 ਟੈਸਟ ਅਤੇ 200 ਵਨਡੇ ਖੇਡੇ। ਇਸ ਦੌਰਾਨ ਉਨ੍ਹਾਂ ਨੇ ਕਦੇ ਵੀ ਨੋ ਬਾਲ ਨਹੀਂ ਸੁੱਟੀ। 9000 ਤੋਂ ਵੱਧ ਦੌੜਾਂ ਬਣਾਈਆਂ ਅਤੇ 700 ਤੋਂ ਵੱਧ ਵਿਕਟਾਂ ਲਈਆਂ। ਉਨ੍ਹਾਂ ਦੇ ਇਸ ਰਿਕਾਰਡ ਦੇ ਆਸ-ਪਾਸ ਕੋਈ ਵੀ ਭਾਰਤੀ ਖਿਡਾਰੀ ਨਹੀਂ ਹੈ। ਪਰ ਟੀਮ ਇੰਡੀਆ ਦੇ ਸਪਿਨ ਆਲਰਾਊਂਡਰ ਨੂੰ ਉਨ੍ਹਾਂ ਤੋਂ ਬਾਅਦ ਦੂਜੇ ਸਭ ਤੋਂ ਸਫਲ ਆਲਰਾਊਂਡਰ ਭਾਰਤੀ ਖਿਡਾਰੀਆਂ 'ਚ ਗਿਣਿਆ ਜਾ ਸਕਦਾ ਹੈ।
ਆਰ ਅਸ਼ਵਿਨ 700 ਅੰਤਰਰਾਸ਼ਟਰੀ ਵਿਕਟਾਂ ਤੋਂ ਸਿਰਫ਼ 28 ਵਿਕਟਾਂ ਦੂਰ ਹਨ ਅਤੇ ਉਨ੍ਹਾਂ ਨੇ ਲਗਭਗ 4000 ਦੌੜਾਂ ਬਣਾ ਲਈਆਂ ਹਨ। ਮਤਲਬ ਗੇਂਦਬਾਜ਼ੀ ਦੇ ਮਾਮਲੇ 'ਚ ਉਹ ਕਪਿਲ ਨੂੰ ਮਾਤ ਦੇਣਗੇ ਪਰ ਬੱਲੇਬਾਜ਼ੀ ਦੇ ਮਾਮਲੇ 'ਚ ਉਹ ਕਪਿਲ ਦੇਵ ਤੋਂ ਕਾਫੀ ਪਿੱਛੇ ਰਹਿ ਸਕਦੇ ਹਨ। ਹਾਲਾਂਕਿ ਜਦੋਂ ਵੀ ਟੀਮ ਇੰਡੀਆ ਨੂੰ ਆਰ ਅਸ਼ਵਿਨ ਦੀ ਬੱਲੇਬਾਜ਼ ਦੇ ਤੌਰ 'ਤੇ ਜ਼ਰੂਰਤ ਪਈ ਹੈ, ਉਹ ਜ਼ਿਆਦਾਤਰ ਸਮਾਂ ਇਨ੍ਹਾਂ ਉਮੀਦਾਂ 'ਤੇ ਖਰਾ ਉਤਰੇ ਹਨ। ਹਾਲ ਹੀ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਢਾਕਾ ਟੈਸਟ 'ਚ ਉਨ੍ਹਾਂ ਨੇ ਅਹਿਮ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ ਸੀ। ਹੁਣ ਜਦੋਂ ਨਿਊ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਆਰ ਅਸ਼ਵਿਨ ਤੋਂ ਪੁੱਛਿਆ ਗਿਆ ਕਿ ਕੀ ਉਹ ਕਪਿਲ ਦੇਵ ਤੋਂ ਬਾਅਦ ਸਭ ਤੋਂ ਸਫਲ ਆਲਰਾਊਂਡਰ ਹਨ? ਤਾਂ ਅਸ਼ਵਿਨ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਜਵਾਬ ਦਿੱਤਾ।
'ਤੁਹਾਨੂੰ ਹਮੇਸ਼ਾ ਵਧੀਆ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ'
ਅਸ਼ਵਿਨ ਨੇ ਕਿਹਾ, "ਜਦੋਂ ਤੁਸੀਂ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਉਸ 'ਚ ਸਭ ਤੋਂ ਵਧੀਆ ਬਣਨਾ ਚਾਹੁੰਦੇ ਹੋ। ਕਪਿਲ ਦੇਵ ਨਾ ਸਿਰਫ਼ ਭਾਰਤ ਦੇ ਸਰਵੋਤਮ ਕ੍ਰਿਕਟਰ ਸਨ, ਸਗੋਂ ਵਿਸ਼ਵ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਸਨ। ਜੇਕਰ ਤੁਸੀਂ ਬੱਲੇ ਅਤੇ ਗੇਂਦ ਚੁੱਕ ਰਹੇ ਹੋ ਤਾਂ ਉਨ੍ਹਾ ਨੂੰ ਦੁਨੀਆ ਵਿੱਚ ਸਭ ਤੋਂ ਵਧੀਆ ਬਣਨ ਦੀ ਪ੍ਰੇਰਣਾ ਨਾਲ ਅੱਗੇ ਵਧਣਾ ਚਾਹੀਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਤੀਤ 'ਚ ਕਿਸ ਨੇ ਕੀ ਕੀਤਾ ਹੈ? ਤੁਹਾਨੂੰ ਹੁਣ ਦੁਨੀਆ 'ਚ ਸਭ ਤੋਂ ਵਧੀਆ ਬਣਨਾ ਹੋਵੇਗਾ।"
'ਮੈਨੂੰ ਦਬਾਅ ਵਰਗੇ ਹਾਲਾਤਾਂ 'ਚ ਮਜ਼ਾ ਆਉਂਦਾ'
ਢਾਕਾ 'ਚ ਬੰਗਲਾਦੇਸ਼ ਖ਼ਿਲਾਫ਼ ਖੇਡੀ ਗਈ ਆਪਣੀ ਮੈਚ ਜੇਤੂ ਪਾਰੀ ਬਾਰੇ ਗੱਲ ਕਰਦੇ ਹੋਏ ਅਸ਼ਵਿਨ ਨੇ ਕਿਹਾ, "ਜਦੋਂ ਤੁਸੀਂ ਭਾਰਤ ਲਈ ਖੇਡਦੇ ਹੋ ਤਾਂ ਤੁਹਾਡੇ ਤੋਂ ਉਮੀਦਾਂ ਹੁੰਦੀਆਂ ਹਨ। ਤੁਸੀਂ ਉਮੀਦਾਂ ਨਾਲ ਘਿਰੇ ਰਹੋਗੇ ਪਰ ਤੁਹਾਨੂੰ ਇਸ ਕਾਰਨ ਡਿੱਗਣਾ ਜਾਂ ਘਬਰਾਉਣਾ ਨਹੀਂ ਚਾਹੀਦਾ। ਮੈਂ ਇੱਕ ਅਜਿਹਾ ਵਿਅਕਤੀ ਹਾਂ ਜੋ ਮਹੱਤਵਪੂਰਨ ਮੌਕਿਆਂ ਲਈ ਤਿਆਰ ਰਹਿੰਦਾ ਹਾਂ। ਮੈਨੂੰ ਦਬਾਅ ਵਰਗੇ ਹਾਲਾਤਾਂ 'ਚ ਖੇਡਣਾ ਪਸੰਦ ਹਨ। ਜਦੋਂ ਵੀ ਮੇਰੇ ਲਈ ਕੋਈ ਵੱਡਾ ਮੈਚ ਹੁੰਦਾ ਹੈ, ਬਹੁਤ ਦਬਾਅ ਹੁੰਦਾ ਹੈ ਤਾਂ ਮੈਨੂੰ ਬਹੁਤ ਮਜ਼ਾ ਆਉਂਦਾ ਹੈ।"