“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (15 ਜਨਵਰੀ) ਅੰਮ੍ਰਿਤਸਰ ਵਿੱਚ ਸਿੱਖਾਂ ਦੇ ਸਭ ਤੋਂ ਉੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕਰੀਬ 40 ਮਿੰਟ ਤੱਕ ਪੇਸ਼ ਹੋਏ। ਨਿਰਧਾਰਤ ਸਮੇਂ 12 ਵਜੇ ਤੋਂ ਪਹਿਲਾਂ ਹੀ, ਸਵੇਰੇ ਕਰੀਬ 11:30 ਵਜੇ ਸੀਐਮ ਅਕਾਲ ਤਖ਼ਤ ਸਕੱਤਰਾਲੇ ਪਹੁੰਚ ਗਏ ਸਨ।
ਸੀਐਮ ਭਗਵੰਤ ਮਾਨ ਪਹਿਲਾਂ ਨੰਗੇ ਪੈਰ, ਨਜ਼ਰਾਂ ਝੁਕਾਈਆਂ ਹੋਈਆਂ ਗੋਲਡਨ ਟੈਂਪਲ ਪਹੁੰਚੇ। ਉੱਥੇ ਮੱਥਾ ਟੇਕਣ ਤੋਂ ਬਾਅਦ ਉਹ ਸਬੂਤਾਂ ਨਾਲ ਭਰੇ ਕਾਲੇ ਰੰਗ ਦੇ ਦੋ ਬੈਗ ਲੈ ਕੇ ਅਕਾਲ ਤਖ਼ਤ ਸਕੱਤਰਾਲੇ ਗਏ।
ਪੇਸ਼ੀ ਤੋਂ ਬਾਅਦ ਅਕਾਲ ਤਖ਼ਤ ਤੋਂ ਬਾਹਰ ਆ ਕੇ ਸੀਐਮ ਮਾਨ ਨੇ ਕਿਹਾ ਕਿ ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਉਨ੍ਹਾਂ ਦੀ ਕੋਈ ਔਕਾਤ ਨਹੀਂ ਹੈ ਅਤੇ ਇਹੀ ਗੱਲ ਉਨ੍ਹਾਂ ਨੇ ਅੰਦਰ ਵੀ ਰੱਖੀ। ਦੂਜੇ ਪਾਸੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਸਿੱਖ ਸਿਧਾਂਤ ਅਤੇ ਮਰਯਾਦਾ ਬਾਰੇ ਪੂਰਾ ਗਿਆਨ ਨਹੀਂ ਹੈ।
ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਕ ਆਪੱਤੀਜਨਕ ਵੀਡੀਓ, ਗੋਲਕ ਅਤੇ ਹੋਰ ਸਿੱਖ ਮੁੱਦਿਆਂ ‘ਤੇ ਕੀਤੀ ਗਈ ਬਿਆਨਬਾਜ਼ੀ ਦੇ ਮਾਮਲੇ ਵਿੱਚ ਸੀਐਮ ਨੂੰ ਤਲਬ ਕੀਤਾ ਸੀ। ਅੰਮ੍ਰਿਤਧਾਰੀ ਸਿੱਖ ਨਾ ਹੋਣ ਕਰਕੇ, ਸੀਐਮ ਅਕਾਲ ਤਖ਼ਤ ਦੀ ਫਸੀਲ ਦੀ ਬਜਾਏ ਸਕੱਤਰਾਲੇ ਵਿੱਚ ਪੇਸ਼ ਹੋਏ ਅਤੇ ਸਾਰੇ ਮੁੱਦਿਆਂ ‘ਤੇ ਸਪਸ਼ਟੀਕਰਨ ਦਿੱਤਾ।






















