Smriti Mandhana WPL 2024: ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮਹਿਲਾ ਪ੍ਰੀਮੀਅਰ ਲੀਗ 2024 ਦਾ ਖਿਤਾਬ ਜਿੱਤ ਲਿਆ ਹੈ। ਆਰਸੀਬੀ ਨੇ ਫਾਈਨਲ ਵਿੱਚ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 113 ਦੌੜਾਂ ਬਣਾਈਆਂ ਸਨ। ਇਸਦੇ ਜਵਾਬ 'ਚ ਆਰਸੀਬੀ ਨੇ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਆਰਸੀਬੀ ਦੀ ਜਿੱਤ ਤੋਂ ਬਾਅਦ ਕਪਤਾਨ ਸਮ੍ਰਿਤੀ ਮੰਧਾਨਾ ਬਾਲੀਵੁੱਡ ਸੰਗੀਤਕਾਰ ਪਲਾਸ਼ ਮੁੱਛਲ ਨਾਲ ਨਜ਼ਰ ਆਈ। ਪਲਾਸ਼ ਨੇ ਸਮ੍ਰਿਤੀ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਸਮ੍ਰਿਤੀ ਅਤੇ ਪਲਾਸ਼ ਨੂੰ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਜਾ ਚੁੱਕਿਆ ਹੈ।


ਦਰਅਸਲ, ਪਲਾਸ਼ ਨੇ ਸਮ੍ਰਿਤੀ ਨਾਲ ਇੱਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਹ ਸਮ੍ਰਿਤੀ ਦੇ ਮੋਢੇ 'ਤੇ ਹੱਥ ਰੱਖੇ ਨਜ਼ਰ ਆ ਰਹੇ ਹਨ।  ਇਸ ਫੋਟੋ 'ਤੇ ਭਾਰਤੀ ਕ੍ਰਿਕਟ ਟੀਮ ਦੀ ਖਿਡਾਰਨ ਹਰਲੀਨ ਦਿਓਲ ਨੇ ਟਿੱਪਣੀ ਕੀਤੀ ਹੈ। ਹਰਲੀਨ ਦੇ ਨਾਲ-ਨਾਲ ਹੋਰ ਕ੍ਰਿਕਟਰਾਂ ਨੇ ਵੀ ਟਿੱਪਣੀ ਕੀਤੀ ਹੈ। ਸਮ੍ਰਿਤੀ ਦਾ ਨਾਂਅ ਲੰਬੇ ਸਮੇਂ ਤੋਂ ਪਲਾਸ਼ ਨਾਲ ਜੋੜਿਆ ਜਾ ਰਿਹਾ ਹੈ। ਪਲਾਸ਼ ਨੇ ਲਾਈਵ ਕੰਸਰਟ ਵਿੱਚ ਸਮ੍ਰਿਤੀ ਨੂੰ ਇੱਕ ਗੀਤ ਵੀ ਸਮਰਪਿਤ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ ਸੀ। ਹਾਲਾਂਕਿ ਸਮ੍ਰਿਤੀ ਨੇ ਇਸ ਬਾਰੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।






ਜ਼ਿਕਰਯੋਗ ਹੈ ਕਿ ਮਹਿਲਾ ਪ੍ਰੀਮੀਅਰ ਲੀਗ 2024 ਦਾ ਫਾਈਨਲ ਮੈਚ ਆਰਸੀਬੀ ਅਤੇ ਦਿੱਲੀ ਵਿਚਾਲੇ ਖੇਡਿਆ ਗਿਆ ਸੀ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 18.3 ਓਵਰਾਂ ਵਿੱਚ 113 ਦੌੜਾਂ ਬਣਾਈਆਂ। ਜਵਾਬ ਵਿੱਚ ਆਰਸੀਬੀ ਨੇ ਸਿਰਫ਼ 2 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਆਰਸੀਬੀ ਲਈ ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ ਦਾ ਸਾਹਮਣਾ ਕਰਦੇ ਹੋਏ 31 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਲਾਏ। ਐਲਿਸ ਪੇਰੀ ਨੇ 37 ਗੇਂਦਾਂ ਦਾ ਸਾਹਮਣਾ ਕਰਦਿਆਂ 35 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਲਗਾਏ। ਸੋਫੀਆ ਡਿਵਾਈਨ ਨੇ 32 ਦੌੜਾਂ ਦੀ ਪਾਰੀ ਖੇਡੀ। ਰਿਚਾ ਘੋਸ਼ ਨੇ ਨਾਬਾਦ 17 ਦੌੜਾਂ ਬਣਾਈਆਂ।


ਜੇਕਰ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਐਲਿਸ ਪੇਰੀ ਸਭ ਤੋਂ ਉੱਪਰ ਹੈ। ਉਸ ਨੇ 9 ਮੈਚਾਂ 'ਚ 347 ਦੌੜਾਂ ਬਣਾਈਆਂ ਹਨ। ਮੇਗ ਲੈਨਿੰਗ ਦੂਜੇ ਨੰਬਰ 'ਤੇ ਹੈ। ਉਸ ਨੇ 9 ਮੈਚਾਂ 'ਚ 331 ਦੌੜਾਂ ਬਣਾਈਆਂ ਹਨ।