U-19 World Cup 2024 South Africa: ਸ਼੍ਰੀਲੰਕਾ ਕ੍ਰਿਕਟ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਸ਼੍ਰੀਲੰਕਾ ਦੀ ਟੀਮ ਕਰਾਰੀ ਹਾਰ ਦਾ ਸਾਹਮਣਾ ਕਰ ਕੇ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਈ ਸੀ। ਹੁਣ ਇੱਕ ਹੋਰ ਮੁਸ਼ਕਲ ਵੱਧ ਗਈ ਹੈ। ਆਈਸੀਸੀ ਨੇ ਅੰਡਰ-19 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਸ਼੍ਰੀਲੰਕਾ ਤੋਂ ਖੋਹ ਲਈ ਹੈ। ਇਹ ਫੈਸਲਾ ਸ਼੍ਰੀਲੰਕਾ ਕ੍ਰਿਕਟ ਬੋਰਡ 'ਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ ਲਿਆ ਗਿਆ ਹੈ। ਆਈਸੀਸੀ ਨੇ ਹੁਣ ਮੇਜ਼ਬਾਨੀ ਦੀ ਜ਼ਿੰਮੇਵਾਰੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਆਈਸੀਸੀ ਨੇ ਲੰਮੀ ਮੀਟਿੰਗ ਕੀਤੀ ਅਤੇ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਦਿੱਤੀ ਜਾਵੇਗੀ।



ਅੰਡਰ-19 ਵਿਸ਼ਵ ਕੱਪ 2024 ਦਾ ਸਮਾਗਮ ਅਗਲੇ ਸਾਲ ਜਨਵਰੀ-ਫਰਵਰੀ 'ਚ ਕਰਵਾਇਆ ਜਾਣਾ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਵਿਸ਼ਵ ਕੱਪ 2023 'ਚ ਖਰਾਬ ਪ੍ਰਦਰਸ਼ਨ ਕਾਰਨ ਪੂਰੇ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ। ਆਈਸੀਸੀ ਨੇ ਇਸ ਨੂੰ ਬੋਰਡ ਵਿੱਚ ਸਰਕਾਰੀ ਦਖਲਅੰਦਾਜ਼ੀ ਮੰਨਿਆ ਅਤੇ ਸ਼੍ਰੀਲੰਕਾਈ ਬੋਰਡ ਨੂੰ ਮੁਅੱਤਲ ਕਰ ਦਿੱਤਾ। ਹੁਣ ਸ਼੍ਰੀਲੰਕਾ ਨੂੰ ਦੂਜਾ ਝਟਕਾ ਲੱਗਾ ਹੈ।


ਕ੍ਰਿਕਬਜ਼ ਦੀ ਖਬਰ ਮੁਤਾਬਕ ਸ਼੍ਰੀਲੰਕਾ ਬੋਰਡ 'ਚ ਚੱਲ ਰਹੀ ਅਨਿਸ਼ਚਿਤਤਾ ਕਾਰਨ ਅੰਡਰ-19 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਗਈ ਹੈ। ਆਈਸੀਸੀ ਨੇ ਅਜੇ ਵੀ ਸ਼੍ਰੀਲੰਕਾ ਬੋਰਡ ਨੂੰ ਮੁਅੱਤਲ ਕਰਨ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ 10 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਰਿਪੋਰਟਾਂ ਦੀ ਮੰਨੀਏ ਤਾਂ ਮੁਅੱਤਲੀ ਦਾ ਉੱਥੇ ਕ੍ਰਿਕਟ 'ਤੇ ਕੋਈ ਅਸਰ ਨਹੀਂ ਪਵੇਗਾ। ਸ਼੍ਰੀਲੰਕਾ 'ਚ ਕ੍ਰਿਕਟ ਜਾਰੀ ਰਹੇਗਾ।


ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਸ਼੍ਰੀਲੰਕਾ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ। ਟੀਮ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਸੀ। ਸ਼੍ਰੀਲੰਕਾ ਨੇ 9 ਮੈਚ ਖੇਡਦੇ ਹੋਏ ਸਿਰਫ 2 ਜਿੱਤੇ ਸਨ। ਇਸ ਨੂੰ 7 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।ਸ਼੍ਰੀਲੰਕਾ ਨੇ ਇਸ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਇਸ ਮੈਚ 'ਚ ਉਸ ਨੂੰ 102 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਨੂੰ ਪਾਕਿਸਤਾਨ ਨੇ 6 ਵਿਕਟਾਂ ਨਾਲ ਅਤੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਸ਼੍ਰੀਲੰਕਾ ਨੇ ਨੀਦਰਲੈਂਡ ਅਤੇ ਇੰਗਲੈਂਡ ਖਿਲਾਫ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਇਸ ਨੂੰ ਭਾਰਤ ਤੋਂ 302 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।