Sanju Samson, T20 World Cup-2022 : ਯੂਏਈ ਦੀ ਮੇਜ਼ਬਾਨੀ ਵਿੱਚ ਹੋਏ ਏਸ਼ੀਆ ਕੱਪ (Asia Cup-2022) ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਖ਼ਰਾਬ ਰਿਹਾ। ਹੁਣ ਭਾਰਤੀ ਪ੍ਰਸ਼ੰਸਕ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਤੋਂ 15 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਕਰਨ ਦੀ ਉਮੀਦ ਕਰ ਰਹੇ ਹਨ। ਇਸ ਗਲੋਬਲ ਕ੍ਰਿਕਟ ਟੂਰਨਾਮੈਂਟ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਕੁਝ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨਾ ਮਿਲਣ 'ਤੇ ਨਾਰਾਜ਼ ਵੀ ਹਨ। ਇਸ ਲਿਸਟ 'ਚ ਸੰਜੂ ਸੈਮਸਨ ਦੇ ਪ੍ਰਸ਼ੰਸਕ ਵੀ ਸ਼ਾਮਲ ਹਨ।
ਪੰਤ ਅਤੇ ਕਾਰਤਿਕ ਲਈ ਮੌਕਾ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ 'ਚ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਨੂੰ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਜੂ ਸੈਮਸਨ ਨੂੰ ਮੌਕਾ ਨਹੀਂ ਮਿਲਿਆ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਚੋਣਕਾਰਾਂ ਦੀ ਮੀਟਿੰਗ ਵਿੱਚ ਸੈਮਸਨ ਦੇ ਨਾਂ ’ਤੇ ਵੀ ਚਰਚਾ ਨਹੀਂ ਹੋਈ। ਸੈਮਸਨ ਨੂੰ ਅਗਸਤ 'ਚ ਜ਼ਿੰਬਾਬਵੇ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਚ ਮੌਕਾ ਦਿੱਤਾ ਗਿਆ ਸੀ।
'ਸੈਮਸਨ ਦੇ ਨਾਂ ਦੀ ਵੀ ਚਰਚਾ ਨਹੀਂ ਹੋਈ'
ਸੋਮਵਾਰ ਨੂੰ ਹੀ, ਬੀਸੀਸੀਆਈ ਨੇ 20 ਸਤੰਬਰ ਤੋਂ ਹੋਣ ਵਾਲੇ ਟੀ-20 ਵਿਸ਼ਵ ਕੱਪ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਖਿਲਾਫ਼ 6 ਟੀ-20 ਮੈਚਾਂ ਲਈ ਟੀਮ ਦਾ ਐਲਾਨ ਕੀਤਾ ਸੀ। ਚੋਣ ਕਮੇਟੀ ਦੀ ਬੈਠਕ ਤੋਂ ਪਹਿਲਾਂ ਇਹ ਚਰਚਾ ਸੀ ਕਿ ਰਿਸ਼ਭ ਪੰਤ ਦੀ ਜਗ੍ਹਾ ਸੰਜੂ ਸੈਮਸਨ ਨੂੰ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦੇ ਨਾਂ 'ਤੇ ਵੀ ਚਰਚਾ ਨਹੀਂ ਹੋਈ। ਬੋਰਡ ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ, “ਸੰਜੂ ਦੱਖਣੀ ਅਫਰੀਕਾ ਦੇ ਖਿਲਾਫ ਵਨਡੇ ਵਿੱਚ ਖੇਡੇਗਾ ਕਿਉਂਕਿ ਚੋਣਕਾਰ ਜ਼ਿੰਬਾਬਵੇ ਦੌਰੇ ਤੋਂ ਬਾਅਦ ਨਿਰੰਤਰਤਾ ਬਣਾਈ ਰੱਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਪੰਤ ਨੂੰ ਬਾਹਰ ਕਰਨ 'ਤੇ ਕੋਈ ਚਰਚਾ ਨਹੀਂ ਹੋਈ। ਉਹ ਟੀਮ ਦੇ ਸਿਖਰਲੇ ਕ੍ਰਮ ਵਿੱਚ ਖੱਬੇ ਹੱਥ ਦਾ ਇਕਲੌਤਾ ਬੱਲੇਬਾਜ਼ ਹੈ। ਜਦੋਂ ਉਸ ਦਾ ਬੱਲਾ ਚਲਦਾ ਹੈ ਤਾਂ ਉਹ ਆਪਣੇ ਦਮ 'ਤੇ ਟੀਮ ਨੂੰ ਜਿੱਤ ਦਿਵਾ ਸਕਦਾ ਹੈ।
ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਤੋਂ ਹੋਣ ਵਾਲੀ ਸੀਰੀਜ਼
ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਸੀਰੀਜ਼ ਖੇਡਣੀ ਹੈ। ਆਸਟ੍ਰੇਲੀਆ ਖਿਲਾਫ਼ 20 ਸਤੰਬਰ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਤੋਂ ਬਾਅਦ 16 ਅਕਤੂਬਰ ਤੋਂ ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਸ਼ੁਰੂ ਹੋਵੇਗਾ। ਟੀਮ ਇੰਡੀਆ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 23 ਅਕਤੂਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ਼ ਮੈਚ ਨਾਲ ਕਰੇਗੀ।