ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਿਜ਼ਡਨ ਅਲਮੈਨਾਕ ਨੇ 2010 ਵਾਲੇ ਦਹਾਕੇ ਦਾ ਸਰਬੋਤਮ ਵਨਡੇ ਕ੍ਰਿਕੇਟਰ ਚੁਣਿਆ ਹੈ, ਜਦਕਿ ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਨੂੰ ਲਗਾਤਾਰ ਦੂਜੇ ਵਰ੍ਹੇ ‘ਸਾਲ ਦਾ ਸਰਬੋਤਮ ਕ੍ਰਿਕੇਟਰ’ ਚੁਣਿਆ ਗਿਆ। 32 ਸਾਲਾ ਕੋਹਲੀ ਨੇ ਅਗਸਤ 2008 ’ਚ ਸ੍ਰੀ ਲੰਕਾ ਵਿਰੁੱਧ ਵਨਡੇ ਕ੍ਰਿਕੇਟ ਵਿੱਚ ਡੈਬਿਯੂ ਕੀਤਾ ਸੀ। ਸਰਬਕਾਲੀ ਸਰਬੋਤਮ ਬੱਲੇਬਾਜ਼ਾਂ ਵਿੱਚ ਸ਼ੁਮਾਰ ਕੋਹਲੀ ਨੇ 254 ਵਨਡੇ ਵਿੱਚ 12,169 ਦੌੜਾਂ ਬਣਾਈਆਂ ਹਨ।


ਵਿਸ਼ਵ ਕੱਪ 2011 ਦੀ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਕੋਹਲੀ ਨੇ 10 ਸਾਲਾਂ ਵਿੱਚ 11,000 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿੱਚ 42 ਸੈਂਕੜੇ ਸ਼ਾਮਲ ਹਨ। ਵਨਡੇ ਕ੍ਰਿਕੇਟ ਵਿੱਚ ਕੋਹਲੀ ਨੇ ਹੁਣ ਤੱਕ 43 ਸੈਂਕੜੇ ਤੇ 62 ਅਰਧ ਸੈਂਕੜੇ ਵੀ ਲਾਏ ਹਨ।


ਵਿਜ਼ਡਨ ਨੇ ਕਿਹਾ ਕਿ ਪਹਿਲੇ ਵਨਡੇ ਅੰਤਰਰਾਸ਼ਟਰੀ ਮੈਚ ਦੀ 50ਵੀਂ ਵਰ੍ਹੇਗੰਢ ਉੱਤੇ ਹਰ ਦਹਾਕੇ ਦੇ ਪੰਜ ਵਨਡੇ ਕ੍ਰਿਕੇਟਰਾਂ ਨੂੰ ਚੁਣਿਆ ਗਿਆ ਹੈ। ਸਾਲ 1971 ਤੋਂ 2021 ਦੌਰਾਨ ਹਰੇਕ ਦਹਾਕੇ ਲਈ ਇੱਕ ਸਰਬੋਤਮ ਕ੍ਰਿਕੇਟਰ ਚੁਣਿਆ ਗਿਆ ਹੈ। ਕੋਹਲੀ ਨੂੰ 2010 ਵਾਲੇ ਦਹਾਕੇ ਲਈ ਚੁਣਿਆ ਗਿਆ।


ਸਚਿਨ ਤੇਂਦੁਲਕਰ ਨੂੰ 1990 ਦੇ ਦਹਾਕੇ ਦਾ ਸਰਬੋਤਮ ਕ੍ਰਿਕੇਟਰ ਚੁਣਿਆ ਗਿਆ ਹੈ। ਤੇਂਦੁਲਕਰ ਨੇ 1998 ’9 ਵਨਡੇ ਸੈਂਕੜੇ ਲਾਏ ਸਨ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ ’80 ਦੇ ਦਹਾਕੇ ਦਾ ਸਰਬੋਤਮ ਕ੍ਰਿਕੇਟਰ ਚੁਣਿਆ ਗਿਆ ਹੈ। ਕਪਿਲ ਦੇਵ ਦੀ ਕਪਤਾਨੀ ’ਚ ਭਾਰਤ ਨੇ 1983 ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂ ਨੇ ਇਸ ਦਹਾਕੇ ’ਚ ਸਭ ਤੋਂ ਵੱਧ ਵਿਕੇਟਾਂ ਲਈਆਂ ਸਨ ਤੇ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ ਇੱਕ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਸਨ।


ਸਟੋਕਸ ਨੂੰ ਲਗਾਤਾਰ ਦੂਜੇ ਸਾਲ ‘ਵਰ੍ਹੇ ਦਾ ਸਰਬੋਤਮ ਕ੍ਰਿਕੇਟਰ’ ਚੁਣਿਆ ਗਿਆ ਹੈ। ਉਨ੍ਹਾਂ ਬੀਤੇ ਸਾਲ 58 ਮੈਚਾਂ ਵਿੰਚ 641 ਟੈਸਟ ਦੌੜਾਂ ਬਣਾਈਆਂ, ਜਦ ਕਿ 19 ਵਿਕੇਟਾਂ ਲਈਆਂ। ਆਸਟ੍ਰੇਲੀਆ ਦੀ ਬੇਥ ਮੂਨੀ ਨੂੰ ਸਰਬੋਤਮ ਮਹਿਲਾ ਕ੍ਰਿਕੇਟਰ ਅਤੇ ਵੈਸਟ ਇੰਡੀਜ਼ ਦੇ ਕੀਰਨ ਪੋਲਾਰਡ ਨੂੰ ਸਰਬੋਤਮ ਟੀ-20 ਕ੍ਰਿਕੇਟਰ ਚੁਣਿਆ ਗਿਆ।


ਇਹ ਵੀ ਪੜ੍ਹੋ: Coronavirus Cases: ਲੀਡਰਾਂ 'ਤੇ ਕੋਰੋਨਾ ਹਮਲਾ, ਹਰਸਿਮਰਤ ਬਾਦਲ ਸਣੇ ਇਹ ਨੇਤਾ ਹੋਏ ਆਈਸੋਲੇਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904