Wasim Akram : ਪਿਤਾ ਦੀਆਂ ਗੇਂਦਾਂ ਸਾਹਮਣੇ ਨਹੀਂ ਟਿਕ ਪਾਉਂਦੇ ਸਨ ਚੰਗੇ-ਭਲੇ ਬੱਲੇਬਾਜ਼, ਹੁਣ ਬੇਟਾ ਰਿੰਗ 'ਚ ਪਾਵੇਗਾ ਧੱਕ
ਵਸੀਮ ਅਕਰਮ ਨੇ ਯੂਏਈ 'ਚ ਐਲਾਨ ਕੀਤਾ ਕਿ ਤੈਮੂਰ MMA ਫਾਈਟਰ ਬਣ ਗਿਆ ਹੈ। ਉਸ ਨੇ ਇੱਕ ਲੜਾਈ 'ਚ ਵੀ ਹਿੱਸਾ ਲਿਆ ਹੈ। ਤੈਮੂਰ ਇੱਕ ਪੇਸ਼ੇਵਰ ਫਾਈਟਰ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਉਹ ਅਮਰੀਕਾ 'ਚ ਰਹਿ ਰਿਹਾ ਹੈ।
Wasim Akram Pakistan: ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਵਸੀਮ ਅਕਰਮ ਨੇ ਆਪਣੇ ਕਰੀਅਰ ਦੌਰਾਨ ਕਈ ਇਤਿਹਾਸਕ ਰਿਕਾਰਡ ਬਣਾਏ। ਉਨ੍ਹਾਂ ਦੀਆਂ ਗੇਂਦ ਅੱਗੇ ਚੰਗੇ-ਭਲੇ ਬੱਲੇਬਾਜ਼ਾਂ ਦੇ ਪਸੀਨੇ ਛੁੱਟ ਜਾਂਦੇ ਸਨ। ਪਰ ਅਕਰਮ ਦੇ ਬੇਟੇ ਤੈਮੂਰ ਨੇ ਵੱਖ ਹੀ ਰਾਹ ਚੁਣਿਆ ਹੈ। ਤੈਮੂਰ ਮਿਕਸਡ ਮਾਰਸ਼ਲ ਆਰਟਸ ਦਾ ਫਾਈਟਰ ਬਣ ਗਿਆ ਹੈ। ਹਾਲ ਹੀ 'ਚ ਅਕਰਮ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦਾ ਬੇਟਾ ਤੈਮੂਰ ਇਕ ਪ੍ਰੋਫੈਸ਼ਨਲ ਫਾਈਟਰ ਬਣਨ ਦੇ ਰਾਹ 'ਤੇ ਹੈ। ਤੈਮੂਰ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਅਕਰਮ ਨੇ ਆਪਣੇ ਬੇਟੇ ਤੈਮੂਰ ਬਾਰੇ ਇੱਕ ਪ੍ਰੋਗਰਾਮ 'ਚ ਦੱਸਿਆ ਕਿ ਉਹ ਐਮਐਮਏ ਫਾਈਟਰ ਬਣ ਗਿਆ ਹੈ। ਨਿਊਜ਼18 'ਤੇ ਛਪੀ ਖਬਰ ਮੁਤਾਬਕ ਅਕਰਮ ਨੇ ਯੂਏਈ 'ਚ ਐਲਾਨ ਕੀਤਾ ਕਿ ਤੈਮੂਰ MMA ਫਾਈਟਰ ਬਣ ਗਿਆ ਹੈ। ਉਸ ਨੇ ਇੱਕ ਲੜਾਈ 'ਚ ਵੀ ਹਿੱਸਾ ਲਿਆ ਹੈ। ਤੈਮੂਰ ਇੱਕ ਪੇਸ਼ੇਵਰ ਫਾਈਟਰ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਉਹ ਅਮਰੀਕਾ 'ਚ ਰਹਿ ਰਿਹਾ ਹੈ।
ਖ਼ਬਰਾਂ ਮੁਤਾਬਕ ਅਕਰਮ ਨੇ ਕਿਹਾ, "ਮੇਰਾ ਬੇਟਾ ਤੈਮੂਰ ਅਮਰੀਕਾ 'ਚ ਰਹਿ ਰਿਹਾ ਹੈ ਅਤੇ ਉੱਥੇ ਜ਼ਿਆਦਾ ਕ੍ਰਿਕਟ ਨਹੀਂ ਹੈ। ਮੈਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਅਨੁਸਾਰ ਜ਼ਿੰਦਗੀ ਜਿਊਣ ਦੀ ਆਜ਼ਾਦੀ ਦਿੱਤੀ ਹੈ। ਜੇਕਰ ਉਹ ਐਮਐਮਏ ਫਾਈਟਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਸੁਪਨੇ ਨੂੰ ਹਕੀਕਤ 'ਚ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"
ਜ਼ਿਕਰਯੋਗ ਹੈ ਕਿ ਵਸੀਮ ਅਕਰਮ ਦਾ ਪਰਿਵਾਰ ਮੂਲ ਰੂਪ 'ਚ ਅੰਮ੍ਰਿਤਸਰ (ਭਾਰਤ) ਦਾ ਰਹਿਣ ਵਾਲਾ ਸੀ। 1947 'ਚ ਆਜ਼ਾਦੀ ਸਮੇਂ ਜਦੋਂ ਵੰਡ ਹੋਈ ਸੀ, ਉਦੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਮਕਬੂਜਾ ਪੰਜਾਬ ਦੇ ਕਮੋਂਕੀ 'ਚ ਆ ਕੇ ਵਸ ਗਿਆ ਸੀ। ਅਕਰਮ ਨੇ 18 ਸਾਲ ਦੀ ਉਮਰ 'ਚ 1984 ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਗੇਂਦਾਂ ਦਾ ਜਾਦੂ ਦੇਖਣ ਨੂੰ ਮਿਲਿਆ। ਉਹ ਵਨਡੇ ਕ੍ਰਿਕਟ 'ਚ 500 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਇਹ ਕਾਰਨਾਮਾ 2003 ਵਿਸ਼ਵ ਕੱਪ 'ਚ ਕੀਤਾ ਸੀ।
ਲਿਸਟ-ਏ ਕ੍ਰਿਕੇਟ 'ਚ ਸਭ ਤੋਂ ਵੱਧ 881 ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਵੀ ਵਸੀਮ ਅਕਰਮ ਦੇ ਨਾਮ ਹੈ। ਉਹ ਵਨਡੇ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਵਸੀਮ ਅਕਰਮ ਨੇ ਟੈਸਟ ਕ੍ਰਿਕਟ 'ਚ 17 ਵਾਰ 'ਮੈਨ ਆਫ ਦੀ ਮੈਚ' ਜਿੱਤਿਆ ਹੈ। ਇਸ ਫਾਰਮੈਟ 'ਚ ਸਭ ਤੋਂ ਵੱਧ ਵਾਰ ਇਹ ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ 'ਚ ਉਹ ਤੀਜੇ ਨੰਬਰ 'ਤੇ ਹਨ। ਉਨ੍ਹਾਂ ਦੇ ਨਾਂ 4 ਅੰਤਰਰਾਸ਼ਟਰੀ ਹੈਟ੍ਰਿਕ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਇਹ ਕਰਿਸ਼ਮਾ 2 ਵਾਰ ਟੈਸਟ ਅਤੇ 2 ਵਾਰ ਵਨਡੇ 'ਚ ਕੀਤਾ ਸੀ।