India vs Sri Lanka, Asia Cup 2023: ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਏਸ਼ੀਆ ਕੱਪ 2023 ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸ਼੍ਰੀਲੰਕਾ ਖਿਲਾਫ ਸੁਪਰ-4 ਦੇ ਆਪਣੇ ਦੂਜੇ ਮੈਚ 'ਚ ਇੱਕ ਵਾਰ ਫਿਰ ਟੀਮ ਇੰਡੀਆ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਮੈਚ 'ਚ ਦੋਵਾਂ ਟੀਮਾਂ ਨੇ ਆਪਣੀ ਖੇਡ ਨਾਲ ਸਾਰੇ ਪ੍ਰਸ਼ੰਸਕਾਂ ਦਾ ਦਿਲ ਜ਼ਰੂਰ ਜਿੱਤ ਲਿਆ। ਹਾਲਾਂਕਿ ਮੈਚ ਖਤਮ ਹੋਣ ਤੋਂ ਬਾਅਦ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਅਜਿਹੀ ਹਰਕਤ ਦੇਖਣ ਨੂੰ ਮਿਲੀ, ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ।
ਭਾਰਤ-ਸ਼੍ਰੀਲੰਕਾ ਮੈਚ ਤੋਂ ਬਾਅਦ ਸਟੇਡੀਅਮ 'ਚ ਕੁਝ ਪ੍ਰਸ਼ੰਸਕਾਂ ਨੂੰ ਆਪਸ 'ਚ ਬੁਰੀ ਤਰ੍ਹਾਂ ਲੜਦੇ ਦੇਖਿਆ ਗਿਆ। ਜਦੋਂ ਤੋਂ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ, ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਹਿਲਾਂ ਪ੍ਰਸ਼ੰਸਕਾਂ 'ਚ ਬਹਿਸ ਹੋਈ ਅਤੇ ਉਸ ਤੋਂ ਬਾਅਦ ਸਾਰੇ ਆਪਸ 'ਚ ਲੜਨ ਲੱਗੇ। ਇਸ ਤੋਂ ਬਾਅਦ ਉੱਥੇ ਮੌਜੂਦ ਕੁਝ ਲੋਕ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਏ।
ਏਸ਼ੀਆ ਕੱਪ 2023 ਦੇ ਸੁਪਰ-4 ਮੁਕਾਬਲੇ 'ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 213 ਦੌੜਾਂ 'ਤੇ ਹੀ ਸਿਮਟ ਗਈ। ਇਸ 'ਚ ਸ਼੍ਰੀਲੰਕਾ ਦੇ ਸਪਿਨਰਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ 10 ਵਿਕਟਾਂ ਲਈਆਂ। ਸ੍ਰੀਲੰਕਾ ਵੱਲੋਂ 20 ਸਾਲਾ ਨੌਜਵਾਨ ਖਿਡਾਰੀ ਦੁਨੀਥਾ ਵੇਲਾਲੇਗੇ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ, ਜਿਸ ਵਿੱਚ ਰੋਹਿਤ, ਗਿੱਲ, ਕੋਹਲੀ, ਕੇਐਲ ਰਾਹੁਲ ਅਤੇ ਹਾਰਦਿਕ ਪਾਂਡਿਆ ਦੀਆਂ ਵਿਕਟਾਂ ਸ਼ਾਮਲ ਹਨ।
ਕੁਲਦੀਪ ਅਤੇ ਜਡੇਜਾ ਦੀ ਸਪਿਨ ਦੇ ਸਾਹਮਣੇ ਫੇਲ ਹੋਏ ਸ਼੍ਰੀਲੰਕਾ ਦੇ ਬੱਲੇਬਾਜ਼
ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੀ ਇਸ ਪਿੱਚ 'ਤੇ ਸ਼੍ਰੀਲੰਕਾ ਲਈ ਇਸ ਟੀਚੇ ਨੂੰ ਹਾਸਲ ਕਰਨਾ ਬਹੁਤ ਮੁਸ਼ਕਲ ਸੀ। ਸ਼੍ਰੀਲੰਕਾ ਨੇ ਪਹਿਲੇ 10 ਓਵਰਾਂ 'ਚ 3 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ 4 ਵਿਕਟਾਂ ਅਤੇ ਰਵਿੰਦਰ ਜਡੇਜਾ ਨੇ 2 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਪਾਰੀ ਨੂੰ 172 ਦੌੜਾਂ 'ਤੇ ਸਮੇਟਣ 'ਚ ਅਹਿਮ ਭੂਮਿਕਾ ਨਿਭਾਈ। ਹੁਣ ਭਾਰਤੀ ਟੀਮ ਨੂੰ ਸੁਪਰ-4 'ਚ ਇਕ ਹੋਰ ਮੈਚ ਖੇਡਣਾ ਹੈ ਜੋ 15 ਸਤੰਬਰ ਨੂੰ ਇਸੇ ਮੈਦਾਨ 'ਤੇ ਬੰਗਲਾਦੇਸ਼ ਖਿਲਾਫ ਖੇਡਿਆ ਜਾਵੇਗਾ।