ਵਰਲਡ ਕੱਪ ਦੀ ਖਿਤਾਬੀ ਜਿੱਤ ‘ਚ ਭਾਰਤ ਦੀਆਂ ਇਨ੍ਹਾਂ 3 ਖਿਡਾਰਣਾਂ ਨੇ ਨਿਭਾਈ ਅਹਿਮ ਭੂਮਿਕਾ, ਜਾਣੋ ਕਿਵੇਂ ਬਣੀਆਂ ‘ਗੇਮ ਚੇਂਜਰ’, ਹਾਸਿਲ ਕੀਤੀ ਧਮਾਕੇਦਾਰ ਜਿੱਤ
ਭਾਰਤ ਦੀਆਂ ਮੁਟਿਆਰਾਂ ਨੇ Women’s World Cup 2025 ਜਿੱਤ ਕੇ ਦੇਸ਼ ਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਹੈ। ਚਾਰੇ-ਪਾਸੇ ਦੇਸ਼ ਦੀਆਂ ਧੀਆਂ ਦੀ ਇਸ ਸ਼ਾਨਦਾਰ ਜਿੱਤ ਦਾ ਡੰਕਾ ਵੱਜ ਰਿਹਾ ਹੈ। ਆਓ ਜਾਣਦੇ ਹਾਂ ਇਸ ਜਿੱਤ ਦੇ ਪਿੱਛੇ ਇਹ ਵਾਲੀਆਂ ਖਿਡਾਰਣਾਂ..

Women’s World Cup 2025 Final: ਆਈਸੀਸੀ ਮਹਿਲਾ ਕ੍ਰਿਕਟ ਵਰਲਡ ਕੱਪ 2025 ਦੇ ਫਾਈਨਲ ‘ਚ ਭਾਰਤੀ ਮਹਿਲਾ ਟੀਮ ਨੇ ਇਤਿਹਾਸ ਰਚ ਦਿੱਤਾ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ‘ਚ ਖੇਡੇ ਗਏ ਖਿਤਾਬੀ ਮੁਕਾਬਲੇ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 52 ਰਨਾਂ ਨਾਲ ਹਰਾ ਕੇ ਪਹਿਲੀ ਵਾਰ ਵਰਲਡ ਕੱਪ ਆਪਣੇ ਨਾਮ ਕੀਤਾ। ਇਹ ਜਿੱਤ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਦਾ ਸਭ ਤੋਂ ਮਾਣਯੋਗ ਪਲ ਬਣ ਗਿਆ, ਜਿਸ ‘ਚ ਟੀਮ ਦੀਆਂ ਤਿੰਨ ਖਿਡਾਰਣਾਂ — ਅਮਨਜੋਤ ਕੌਰ, ਦੀਪਤੀ ਸ਼ਰਮਾ ਅਤੇ ਸ਼ੈਫਾਲੀ ਵਰਮਾ — ਨੇ ਪ੍ਰਮੁੱਖ ਭੂਮਿਕਾ ਨਿਭਾਈ।
ਸ਼ੈਫਾਲੀ ਦਾ ਧਮਾਕੇਦਾਰ ਪ੍ਰਦਰਸ਼ਨ
ਓਪਨਰ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਆਪਣੀ ਆਕਰਮਕ ਬੱਲੇਬਾਜ਼ੀ ਨਾਲ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਉਨ੍ਹਾਂ ਨੇ 87 ਰਨਾਂ ਦੀ ਇਨਿੰਗ ਖੇਡੀ, ਜਿਸ ‘ਚ ਚੌਕਿਆਂ-ਛੱਕਿਆਂ ਦੀ ਬਰਸਾਤ ਕਰ ਦਿੱਤੀ। ਬੱਲੇਬਾਜ਼ੀ ਦੇ ਨਾਲ ਸ਼ੈਫਾਲੀ ਨੇ ਗੇਂਦ ਨਾਲ ਵੀ ਕਮਾਲ ਦਿਖਾਇਆ ਅਤੇ ਦੋ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਫਾਈਨਲ ਵਰਗੇ ਵੱਡੇ ਮੁਕਾਬਲੇ ‘ਚ ਉਨ੍ਹਾਂ ਦਾ ਇਹ ਆਲਰਾਊਂਡ ਪ੍ਰਦਰਸ਼ਨ ਭਾਰਤ ਦੀ ਜਿੱਤ ਦੀ ਮਜ਼ਬੂਤ ਨੀਂਹ ਸਾਬਤ ਹੋਇਆ।
ਦੀਪਤੀ ਸ਼ਰਮਾ ਬਣੀ ‘ਮੈਚ ਵਿਨਰ’
ਦੀਪਤੀ ਸ਼ਰਮਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਟੀਮ ਇੰਡੀਆ ਦੀ ਸਭ ਤੋਂ ਭਰੋਸੇਮੰਦ ਖਿਡਾਰਣ ਹੈ। ਉਸਨੇ ਨਾ ਸਿਰਫ਼ 58 ਰਨਾਂ ਦੀ ਕੀਮਤੀ ਇਨਿੰਗ ਖੇਡੀ, ਬਲਕਿ ਗੇਂਦਬਾਜ਼ੀ ‘ਚ ਤਾਂ ਦੱਖਣੀ ਅਫ਼ਰੀਕੀ ਟੀਮ ਨੂੰ ਪੂਰੀ ਤਰ੍ਹਾਂ ਗੋਡਿਆਂ ‘ਤੇ ਲਿਆ ਦਿੱਤਾ। ਦੀਪਤੀ ਨੇ 9.3 ਓਵਰਾਂ ‘ਚ ਸਿਰਫ਼ 39 ਰਨ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਉਸਦਾ ਇਹ ਸ਼ਾਨਦਾਰ ਸਪੈਲ ਪੂਰੇ ਮੈਚ ਦਾ ਟਰਨਿੰਗ ਪੌਇੰਟ ਸਾਬਤ ਹੋਇਆ, ਜਿਸ ਨੇ ਅਫ਼ਰੀਕਾ ਦੀ ਪਾਰੀ ਨੂੰ 246 ਰਨਾਂ ‘ਤੇ ਸਮੇਟ ਦਿੱਤਾ।
ਅਮਨਜੋਤ ਦੀ ਕਰਿਸ਼ਮਾਈ ਫ਼ੀਲਡਿੰਗ
ਫਾਈਨਲ ਮੁਕਾਬਲੇ ‘ਚ ਅਮਨਜੋਤ ਕੌਰ ਦੀ ਫ਼ੀਲਡਿੰਗ ਸਭ ਤੋਂ ਵੱਖਰੀ ਤੇ ਸ਼ਾਨਦਾਰ ਰਹੀ। ਜਦੋਂ ਦੱਖਣੀ ਅਫ਼ਰੀਕਾ ਦੀ ਓਪਨਿੰਗ ਜੋੜੀ ਖਤਰਨਾਕ ਰਫ਼ਤਾਰ ਨਾਲ ਖੇਡ ਰਹੀ ਸੀ, ਤਦੋਂ ਅਮਨਜੋਤ ਨੇ ਬੁਲੇਟ ਥਰੋ ਨਾਲ ਤਾਜਮਿਨ ਬ੍ਰਿਟਸ ਨੂੰ ਰਨਆਉਟ ਕਰਕੇ ਭਾਰਤ ਨੂੰ ਪਹਿਲਾ ਬ੍ਰੇਕਥਰੂ ਦਿਵਾਇਆ। ਇਸ ਤੋਂ ਬਾਅਦ ਉਸਨੇ ਦੱਖਣੀ ਅਫ਼ਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਦਾ ਸ਼ਾਨਦਾਰ ਕੈਚ ਲਪਕ ਕੇ ਮੈਚ ਦਾ ਰੁਖ਼ ਪੂਰੀ ਤਰ੍ਹਾਂ ਬਦਲ ਦਿੱਤਾ। ਉਸਦੇ ਇਹ ਦੋ ਨਿਰਣਾਇਕ ਮੋਮੈਂਟ ਭਾਰਤ ਦੀ ਜਿੱਤ ਦੇ ਅਸਲੀ ‘ਗੇਮ ਚੇਂਜਰ’ ਸਾਬਤ ਹੋਏ।
ਦੱਖਣੀ ਅਫ਼ਰੀਕਾ ਦੀ ਵਧੀਆ ਸ਼ੁਰੂਆਤ ਰਹੀ ਨਾਕਾਮ
ਦੱਖਣੀ ਅਫ਼ਰੀਕਾ ਨੇ ਲਕਸ਼ ਦਾ ਪਿੱਛਾ ਕਰਦਿਆਂ ਵਧੀਆ ਸ਼ੁਰੂਆਤ ਕੀਤੀ ਸੀ। ਕਪਤਾਨ ਲੌਰਾ ਵੋਲਵਾਰਟ ਅਤੇ ਤਾਜਮਿਨ ਬ੍ਰਿਟਸ ਨੇ 51 ਰਨਾਂ ਦੀ ਸਾਂਝ ਪਾਈ, ਪਰ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਵਾਪਸੀ ਕੀਤੀ। ਸੁਨੇ ਲੁਸ (25) ਅਤੇ ਐਨੇਰੀ ਡਰਕਸਨ (35) ਨੇ ਕੁਝ ਹੱਦ ਤੱਕ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਿਰਕਾਰ ਸਾਰੀਆਂ ਖਿਡਾਰਣਾਂ ਦੀਪਤੀ ਸ਼ਰਮਾ ਦੇ ਸਪਿਨ ਜਾਲ ‘ਚ ਫਸ ਗਈਆਂ।




















