ਨਵੀਂ ਦਿੱਲੀ: ਫ਼ੀਫ਼ਾ ਕੱਪ 2018 ਦਾ ਜੋਸ਼ ਪੂਰੀ ਦੁਨੀਆ 'ਤੇ ਛਾਇਆ ਹੋਇਆ ਹੈ। ਵਿਸ਼ਵ ਕੱਪ ਵਿੱਚ ਅਜਿਹੇ ਕਈ ਫੁਟਬਾਲ ਖਿਡਾਰੀ ਹਨ ਜੋ ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀ ਹਨ। ਇਨ੍ਹਾਂ ਵਿੱਚੋਂ ਕ੍ਰਿਸਟਿਆਨੋ ਰੋਨਾਲਡੋ ਦਾ ਨਾਂ ਸਭ ਤੋਂ ਉੱਪਰ ਹੈ। ਫੋਰਬਸ ਦੀ ਲਿਸਟ ਮੁਤਾਬਕ ਰੋਨਾਲਡੋ ਦੁਨੀਆ ਦੇ ਸਭ ਤੋਂ ਅਮੀਰ ਅਥਲੀਟ ਹਨ। ਇਸ ਨੂੰ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਰੋਨਾਲਡੋ ਬੇਸ਼ਕੀਮਤੀ ਹਨ। ਉਨ੍ਹਾਂ ਆਪਣੀਆਂ ਲੱਤਾਂ ਦੀ ਇੰਸ਼ੋਰੈਂਸ ਹੀ 14.4 ਕਰੋੜ ਡਾਲਰ ਯਾਨੀ ਤਕਰੀਬਨ 980 ਕਰੋੜ ਰੁਪਏ ਦੀ ਕਰਵਾਈ ਹੋਈ ਹੈ।


 



ਰੋਨਾਲਡੋ ਦੀ ਕਮਾਈ

33 ਸਾਲ ਦੇ ਰੀਅਲ ਮੈਡ੍ਰਿਡ ਫੁੱਟਬਾਲਰ ਸਟਾਰ ਕ੍ਰਿਸਟਿਆਨੋ ਰੋਨਾਲਡੋ ਦੀ ਕੁੱਲ ਆਮਦਨ 45 ਕਰੋੜ ਡਾਲਰ ਨਾਪੀ ਗਈ ਹੈ। ਉੱਥੇ ਹੀ ਫੋਰਬਸ ਦੇ ਮੁਤਾਬਕ ਪੁਰਤਗਾਲ ਵਿੱਚ ਜਨਮੇ ਰੋਨਾਲਡੋ ਇਸੇ ਸਾਲ ਦੌਰਾਨ 10.8 ਕਰੋੜ ਡਾਲਰ ਕਮਾ ਚੁੱਕੇ ਹਨ। ਇਸ ਵਿੱਚ 6.1 ਕਰੋੜ ਡਾਲਰ ਉਨ੍ਹਾਂ ਦੀ ਸੈਲਰੀ, ਬੋਨਸ ਤੇ ਜਿੱਤਾਂ ਹਨ। ਇਸ ਤੋਂ ਇਲਾਵਾ ਵਧੇਰੇ 4.7 ਕਰੋੜ ਡਾਲਰ ਉਨ੍ਹਾਂ ਐਂਡੌਰਸਮਿੰਟ ਡੀਲਸ ਤੋਂ ਮਿਲੇ ਹਨ। ਉਨ੍ਹਾਂ ਦੇ ਨਾਂ ਹੁਣ ਤਕ 654 ਗੋਲ ਹਨ, ਇਸੇ ਲਈ ਉਨ੍ਹਾਂ ਆਪਣੀਆਂ ਲੱਤਾਂ ਦਾ ਇੰਸ਼ੋਰੈਂਸ 14.4 ਕਰੋੜ ਡਾਲਰ ਦਾ ਕਰਵਾਇਆ ਹੋਇਆ ਹੈ।

ਸੋਸ਼ਲ ਮੀਡੀਆ ਤੋਂ ਰੋਨਾਲਡੋ ਦੀ ਕਮਾਈ

ਸੋਸ਼ਲ ਮੀਡੀਆ 'ਤੇ ਵੀ ਰੋਨਾਲਡੋ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਹਨ। ਇਸ ਮਾਮਲੇ ਵਿੱਚ ਰੋਨਾਲਡੋ ਨੇ ਲਿਆਨ ਮੈਸੀ ਤੇ ਨੇਮਾਰ ਜੂਨੀਅਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਪੋਰਟਸ ਦੀ ਵੈਲਿਊਏਸ਼ਨ ਤੇ ਸਪੌਂਸਰਸ਼ਿਪ ਦੀ ਵੈਲਿਊ ਟ੍ਰੈਕ ਕਰਨ ਵਾਲੀ ਕੰਪਨੀ ਹੋਕਿਟ ਮੁਤਾਬਕ ਰੋਨਾਲਡੋ ਦੇ ਸੋਸ਼ਲ ਮੀਡੀਆ 'ਤੇ ਇੱਕ ਸਪੌਂਸਰ ਪੋਸਟ ਕਰਨ ਬਦਲੇ 18 ਲੱਖ ਡਾਲਰ ਮਿਲਦੇ ਹਨ।

ਰੋਨਾਲਡੋ ਦੇ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ 'ਤੇ 32.34 ਕਰੋੜ ਫਾਲੋਅਰਜ਼ ਵੀ ਹਨ। ਉੱਥੇ, ਸਿਰਫ਼ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ ਫਾਲੋ ਕਰਨ ਵਾਲਿਆਂ ਦੀ ਗਿਣਤੀ 12.8 ਕਰੋੜ ਹੈ। ਰੋਨਾਲਡੋ ਪੂਰੀ ਦੁਨੀਆ ਵਿੱਚ ਤੀਜੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ ਇੰਨੇ ਫਾਲੋਅਰਜ਼ ਹਨ।