ਭਾਰਤੀ ਫੁੱਟਬਾਲ ਫੈਡਰੇਸ਼ਨ ਦੇ ਸਸਪੈਂਡ ਹੋਣ ਨਾਲ ਭਾਰਤ ਨੇ ਗਵਾਇਆ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਮੌਕਾ
U17 Women's Football World Cup: ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਨ ਭਾਰਤ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰ ਸਕੇਗਾ।
FIFA AIFF U17 Women's Football World Cup: ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁਟਬਾਲ (FIFA) ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਇਹ ਫੈਸਲਾ ਭਾਰਤੀ ਫੁੱਟਬਾਲ 'ਚ ਚੱਲ ਰਹੇ ਵਿਵਾਦ ਕਾਰਨ ਲਿਆ ਹੈ। AIFF 'ਤੇ ਪਾਬੰਦੀ ਕਾਰਨ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਭਾਰਤ ਤੋਂ ਖੋਹੀ ਜਾ ਸਕਦੀ ਹੈ। ਮੌਜੂਦਾ ਸਮੇਂ 'ਚ ਦੇਸ਼ 'ਚ ਫੁੱਟਬਾਲ ਦਾ ਭਵਿੱਖ ਅਨਿਸ਼ਚਿਤ ਹੈ।
AIFF 'ਤੇ ਪਾਬੰਦੀ ਦੇ ਕਾਰਨ ਹੁਣ ਭਾਰਤੀ ਟੀਮਾਂ ਕਿਸੇ ਵੀ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਣਗੀਆਂ। ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਫੀਫਾ ਕਿਸੇ ਫੈਡਰੇਸ਼ਨ ਨੂੰ ਮੁਅੱਤਲ ਕਰਦਾ ਹੈ, ਤਾਂ ਉਸ ਦੁਆਰਾ ਆਯੋਜਿਤ ਕਿਸੇ ਵੀ ਘਰੇਲੂ ਟੂਰਨਾਮੈਂਟ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਹੈ। ਭਾਰਤ ਨਾਲ ਵੀ ਅਜਿਹਾ ਹੀ ਹੋਵੇਗਾ।
ਫੀਫਾ ਨੇ ਇਕ ਬਿਆਨ 'ਚ ਕਿਹਾ, ''ਫੀਫਾ ਕੌਂਸਲ ਦੇ ਬਿਊਰੋ ਨੇ ਸਰਬਸੰਮਤੀ ਨਾਲ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੂੰ ਤੀਜੀ ਧਿਰ ਦੇ ਗੈਰ-ਉਚਿਤ ਪ੍ਰਭਾਵ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਤੀਜੀ ਧਿਰ ਦੀ ਦਖਲਅੰਦਾਜ਼ੀ ਫੀਫਾ ਨਿਯਮਾਂ ਦੀ ਗੰਭੀਰ ਉਲੰਘਣਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ, "ਮੁਅੱਤਲੀ ਉਦੋਂ ਹੀ ਹਟਾਈ ਜਾਵੇਗੀ ਜਦੋਂ ਏਆਈਐਫਐਫ ਕਾਰਜਕਾਰੀ ਕਮੇਟੀ ਨੂੰ ਬਦਲਣ ਲਈ ਪ੍ਰਸ਼ਾਸਕਾਂ ਦੀ ਕਮੇਟੀ ਦੇ ਗਠਨ ਦਾ ਫੈਸਲਾ ਵਾਪਸ ਲੈ ਲਿਆ ਜਾਵੇਗਾ ਅਤੇ ਏਆਈਐਫਐਫ ਪ੍ਰਸ਼ਾਸਨ ਨੂੰ ਫੈਡਰੇਸ਼ਨ ਦੇ ਰੋਜ਼ਾਨਾ ਦੇ ਮਾਮਲਿਆਂ ਦਾ ਪੂਰਾ ਨਿਯੰਤਰਣ ਦਿੱਤਾ ਜਾਵੇਗਾ।"
ਫੀਫਾ ਨੇ ਕਿਹਾ, ''ਇਸਦਾ ਮਤਲਬ ਹੈ ਕਿ ਭਾਰਤ 'ਚ 11 ਤੋਂ 30 ਅਕਤੂਬਰ ਤੱਕ ਹੋਣ ਵਾਲਾ ਅੰਡਰ-17 ਮਹਿਲਾ ਵਿਸ਼ਵ ਕੱਪ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਭਾਰਤ 'ਚ ਨਹੀਂ ਹੋ ਸਕਦਾ। ਫੀਫਾ ਟੂਰਨਾਮੈਂਟ ਸਬੰਧੀ ਅਗਲੇ ਕਦਮਾਂ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਲੋੜ ਪੈਣ 'ਤੇ ਮਾਮਲੇ ਨੂੰ ਕੌਂਸਲ ਦੇ ਬਿਊਰੋ ਕੋਲ ਭੇਜੇਗਾ।