Messi Goal in his 1000th Match: ਅਰਜਨਟੀਨਾ ਨੇ ਕਤਰ ਵਿੱਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ 2022 ਦੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੇਸੀ ਨੇ ਆਖ਼ਰੀ-16 ਵਿੱਚ ਆਸਟਰੇਲੀਆ ਖ਼ਿਲਾਫ਼ ਆਪਣੇ ਕਰੀਅਰ ਦਾ 1000ਵਾਂ ਮੈਚ ਖੇਡਦੇ ਹੋਏ ਇਸ ਮੈਚ ਵਿੱਚ ਵੀ ਆਪਣੇ ਜੌਹਰ ਦਿਖਾਏ। ਉਨ੍ਹਾਂ ਨੇ ਇਸ ਬਹੁਤ ਹੀ ਖਾਸ ਮੈਚ ਵਿੱਚ ਆਪਣੀ ਟੀਮ ਲਈ ਇੱਕ ਮਹੱਤਵਪੂਰਨ ਗੋਲ ਕੀਤਾ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ।


ਮੇਸੀ ਨੇ 35ਵੇਂ ਮਿੰਟ 'ਚ ਕੀਤਾ ਗੋਲ


ਆਪਣੇ ਕਰੀਅਰ ਦੇ 1000ਵੇਂ ਮੈਚ 'ਚ ਮੇਸੀ ਨੇ ਸ਼ਾਨਦਾਰ ਖੇਡ ਦਿਖਾਈ। ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਨੇ ਫੀਫਾ ਵਿਸ਼ਵ ਕੱਪ ਦੇ ਆਖਰੀ-16 ਮੈਚ ਦੇ 35ਵੇਂ ਮਿੰਟ 'ਚ ਸ਼ਾਨਦਾਰ ਖੇਡ ਦਿਖਾਈ ਅਤੇ ਆਪਣੀ ਟੀਮ ਨੂੰ ਇਕ ਗੋਲ ਕਰਕੇ ਬੜ੍ਹਤ ਦਿਵਾਈ। ਇਹ ਮੇਸੀ ਦੇ ਕਰੀਅਰ ਦਾ 789ਵਾਂ ਗੋਲ ਸੀ। ਮੇਸੀ ਦੇ ਸ਼ਾਨਦਾਰ ਤਰੀਕੇ ਨਾਲ ਗੋਲ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਸਟ੍ਰੇਲੀਆ ਖਿਲਾਫ ਨਾਕਆਊਟ ਮੈਚ 'ਚ ਮੇਸੀ ਦਾ ਜਾਦੂ ਦੇਖ ਕੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ।


 







ਮੈਸੀ ਨੇ ਪਿੱਛੇ ਛੱਡ ਦਿੱਤਾ ਰੋਨਾਲਡੋ ਨੂੰ 


ਅਰਜਨਟੀਨਾ ਦੇ ਕਪਤਾਨ ਅਤੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਆਸਟ੍ਰੇਲੀਆ ਖਿਲਾਫ਼ ਗੋਲ ਕਰਕੇ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ, ਮੇਸੀ ਨੇ ਆਪਣੇ ਵਿਸ਼ਵ ਕੱਪ ਕਰੀਅਰ ਵਿੱਚ ਹੁਣ ਤੱਕ 9 ਗੋਲ ਕੀਤੇ ਹਨ। ਇਸ ਦੇ ਨਾਲ ਹੀ ਰੋਨਾਲਡੋ ਆਪਣੇ ਵਿਸ਼ਵ ਕੱਪ ਕਰੀਅਰ 'ਚ ਹੁਣ ਤੱਕ ਸਿਰਫ 8 ਗੋਲ ਹੀ ਕਰ ਸਕੇ ਹਨ। ਇਸ ਤੋਂ ਇਲਾਵਾ ਮੇਸੀ ਨੇ ਆਪਣੇ ਵਿਸ਼ਵ ਕੱਪ ਕਰੀਅਰ 'ਚ ਪਹਿਲੀ ਵਾਰ ਆਸਟ੍ਰੇਲੀਆ ਖਿਲਾਫ਼ ਨਾਕਆਊਟ ਮੈਚ 'ਚ ਗੋਲ ਕੀਤਾ।


ਕੁਆਰਟਰ ਫਾਈਨਲ 'ਚ ਪਹੁੰਚ ਗਿਆ ਹੈ ਅਰਜਨਟੀਨਾ 


ਮੇਸੀ ਤੋਂ ਬਾਅਦ ਅਰਜਨਟੀਨਾ ਲਈ ਦੂਜਾ ਗੋਲ ਮੈਚ ਦੇ ਦੂਜੇ ਅੱਧ ਵਿੱਚ ਜੂਲੀਅਨ ਅਲਵਾਰੇਜ਼ ਨੇ ਕੀਤਾ। ਉਸ ਨੇ ਮੈਚ ਦੇ ਦੂਜੇ ਹਾਫ ਦੇ 57ਵੇਂ ਮਿੰਟ ਵਿੱਚ ਅਰਜਨਟੀਨਾ ਲਈ ਦੂਜਾ ਗੋਲ ਕਰਕੇ ਟੀਮ ਨੂੰ 2-0 ਦੀ ਬੜ੍ਹਤ ਦਿਵਾਈ। ਹਾਲਾਂਕਿ ਬਾਅਦ 'ਚ ਅਰਜਨਟੀਨਾ ਦੇ ਖਿਡਾਰੀ ਐਂਜੋ ਫਰਨਾਂਡਿਸ ਨੇ ਗਲਤੀ ਕੀਤੀ ਅਤੇ ਆਤਮਘਾਤੀ ਗੋਲ ਆਸਟ੍ਰੇਲੀਆ ਦੇ ਖਾਤੇ 'ਚ ਚਲਾ ਗਿਆ। ਹਾਲਾਂਕਿ ਇਸ ਤੋਂ ਬਾਅਦ ਆਸਟਰੇਲੀਆਈ ਟੀਮ ਗੋਲ ਨਹੀਂ ਕਰ ਸਕੀ ਅਤੇ ਟੀਮ ਨਾਕਆਊਟ ਮੈਚ 2-1 ਨਾਲ ਹਾਰ ਗਈ।