Punjab Sports Minister: ਖੇਡ ਮੰਤਰੀ ਪਰਗਟ ਸਿੰਘ ਦਾ ਕੌਮਾਂਤਰੀ ਖਿਡਾਰੀਆਂ ਲਈ ਵੱਡਾ ਐਲਾਨ
ਪਰਗਟ ਸਿੰਘ ਨੇ ਕਿਹਾ ਕਿ ਵੱਡੇ ਸਟੇਡੀਅਮਾਂ ਦੀ ਥਾਂ ਸਿਖਲਾਈ ਕੇਂਦਰ ਸਥਾਪਤ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਸੂਬੇ 'ਚ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖਿਡਾਰੀਆਂ ਦੀ ਕਮੇਟੀ 'ਚ 20 ਦੇ ਕਰੀਬ ਖੇਡਾਂ ਨਾਲ ਸਬੰਧਤ ਖਿਡਾਰੀ ਮੈਂਬਰ ਹੋਣਗੇ।
ਚੰਡੀਗੜ੍ਹ: ਸਾਬਕਾ ਓਲੰਪੀਅਨਾਂ ਦੀ ਲੰਬਿਤ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਸੋਮਵਾਰ ਨੂੰ ਤਗਮਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ 'ਤੇ ਆਮਦਨ ਸੀਮਾ ਦੀ ਲਾਗੂ ਸ਼ਰਤ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਸੋਮਵਾਰ ਨੂੰ ਸੈਕਟਰ-26 ਸਥਿਤ ਮਗਾਸੀਪਾ ਵਿਖੇ ਪੁਰਾਣੇ ਖਿਡਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਪਰਗਟ ਸਿੰਘ ਨੇ ਕਿਹਾ ਕਿ ਵੱਡੇ ਸਟੇਡੀਅਮਾਂ ਦੀ ਥਾਂ ਸਿਖਲਾਈ ਕੇਂਦਰ ਸਥਾਪਤ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਸੂਬੇ 'ਚ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖਿਡਾਰੀਆਂ ਦੀ ਕਮੇਟੀ ਬਣਾਈ ਜਾ ਰਹੀ ਹੈ, ਜਿਸ 'ਚ 20 ਦੇ ਕਰੀਬ ਖੇਡਾਂ ਨਾਲ ਸਬੰਧਤ ਖਿਡਾਰੀ ਮੈਂਬਰ ਹੋਣਗੇ ਤਾਂ ਜੋ ਉਨ੍ਹਾਂ ਦੇ ਨਿੱਜੀ ਤਜ਼ਰਬਿਆਂ ਦਾ ਲਾਹਾ ਲਿਆ ਜਾ ਸਕੇ।
ਪਰਗਟ ਨੇ ਕਿਹਾ ਕਿ ਖੇਡ ਕੋਟੇ ਤਹਿਤ ਸਰਕਾਰੀ ਨੌਕਰੀ ਕਰ ਰਹੇ ਖਿਡਾਰੀਆਂ ਦੀਆਂ ਸੇਵਾਵਾਂ ਖੇਡ ਵਿਭਾਗ ਵੱਲੋਂ ਲਈਆਂ ਜਾਣਗੀਆਂ, ਜਿਸ ਲਈ ਸਰਕਾਰ ਵੱਲੋਂ ਨੀਤੀ ਬਣਾਈ ਜਾ ਰਹੀ ਹੈ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਵਿਭਾਗ 'ਚ ਡੈਪੂਟੇਸ਼ਨ 'ਤੇ ਸ਼ਾਮਲ ਹੋ ਕੇ ਸਬੰਧਤ ਖੇਡ ਦੀ ਵਾਗਡੋਰ ਸੰਭਾਲਣ।
ਉਨ੍ਹਾਂ ਇਸ ਗੱਲ ਦੀ ਵੀ ਵਕਾਲਤ ਕੀਤੀ ਕਿ ਵੱਡੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ 'ਚ ਜੁਆਇਨ ਕਰਨ ਸਮੇਂ ਖੇਡ ਵਿਭਾਗ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਖੇਡ 'ਚ ਮੋਹਰੀ ਹੋ ਸਕਣ। ਉਨ੍ਹਾਂ ਖਿਡਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਸੇਵਾ ਕਰਨ ਦਾ ਸੱਦਾ ਵੀ ਦਿੱਤਾ ਤਾਂ ਜੋ ਛੋਟੀ ਉਮਰ ਤੋਂ ਹੀ ਖਿਡਾਰੀ ਦੀ ਨੀਂਹ ਰੱਖੀ ਜਾਵੇ।
ਮੀਟਿੰਗ 'ਚ ਦਰੋਣਾਚਾਰੀਆ ਐਵਾਰਡੀ ਹਾਕੀ ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਓਲੰਪੀਅਨ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ, ਅਰਜੁਨ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ, ਅਰਜੁਨ ਐਵਾਰਡੀ ਬਾਸਕਿਟਬਾਲ ਖਿਡਾਰੀ ਸੁਮਨ ਸ਼ਰਮਾ, ਓਲੰਪੀਅਨ ਬਾਸਕਿਟਬਾਲ ਖਿਡਾਰੀ ਤਰਲੋਕ ਸਿੰਘ ਸੰਧੂ, ਕੌਮਾਂਤਰੀ ਹਾਕੀ ਖਿਡਾਰੀ ਤੇ ਓਲੰਪੀਅਨ ਕੋਚ ਸੁਖਬੀਰ ਸਿੰਘ ਗਰੇਵਾਲ, ਓਪੀ ਐਥਲੀਟ ਹਰਬੰਸ ਕੌਰ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਅਰਜੁਨ ਐਵਾਰਡੀ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ, ਸ਼ੂਟਿੰਗ ਕੋਚ ਤੇਜਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਖਿਡਾਰੀਆਂ-ਟ੍ਰੇਨਰਾਂ ਨੇ ਇਹ ਸੁਝਾਅ ਦਿੱਤੇ
ਮੀਟਿੰਗ ਦੌਰਾਨ ਖਿਡਾਰੀਆਂ ਅਤੇ ਕੋਚਾਂ ਨੇ ਆਪਣੇ ਸੁਝਾਅ ਦਿੱਤੇ, ਜਿਨ੍ਹਾਂ 'ਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਨਾ, ਕੋਚਾਂ ਦੀ ਤਾਇਨਾਤੀ, ਸਕੂਲਾਂ ਤੇ ਕਾਲਜਾਂ ਦੀ ਸਰੀਰਕ ਸਿੱਖਿਆ, ਖੇਡ ਵਿਭਾਗ ਦੇ ਤਾਲਮੇਲ ਨਾਲ ਖੇਡ ਕੇਂਦਰ ਚਲਾ ਰਹੇ ਅਧਿਆਪਕ, ਸਕੂਲਾਂ 'ਚ ਇਕ ਦਿਨ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸ਼ਾਮਲ ਹੈ।
ਸਰਹੱਦੀ ਖੇਤਰ ਦੇ ਖਿਡਾਰੀਆਂ ਲਈ ਸਟੇਡੀਅਮ ਬਣਾਉਣ, ਕੋਚਾਂ ਨੂੰ ਇਨਾਮ ਦੇਣ, ਪੁਰਾਣੇ ਖਿਡਾਰੀਆਂ ਨੂੰ ਹੀਰੋ ਵਜੋਂ ਉਭਾਰਨ, ਸੂਬੇ ਤੋਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਨੌਕਰੀਆਂ ਤੇ ਨਕਦ ਇਨਾਮ ਦੇਣ ਦਾ ਫ਼ੈਸਲਾ ਕੀਤਾ। ਖਿਡਾਰੀਆਂ ਦਾ ਸਿਹਤ ਬੀਮਾ, ਛੁੱਟੀ ਵਾਲੇ ਦਿਨ ਸਾਰੇ ਖੇਡ ਸਟੇਡੀਅਮ ਆਮ ਲੋਕਾਂ ਲਈ ਖੋਲ੍ਹਣੇ, ਸਾਬਕਾ ਓਲੰਪੀਅਨਾਂ ਅਤੇ ਪੁਰਸਕਾਰ ਜੇਤੂਆਂ ਦੀਆਂ ਪੈਨਸ਼ਨਾਂ 'ਤੇ ਲੱਗੀ ਪਾਬੰਦੀ ਹਟਾਉਣਾ ਆਦਿ। ਇਸ ਤੋਂ ਇਲਾਵਾ ਵੱਡੇ ਸਟੇਡੀਅਮ ਬਣਾਉਣ ਦੀ ਥਾਂ ਟਰੈਕ ਐਸਟੋਟਰਫ, ਕੋਰਟ ਆਦਿ ਖੇਡ ਮੈਦਾਨ ਬਣਾਉਣ ਦਾ ਵੀ ਸੁਝਾਅ ਦਿੱਤਾ ਗਿਆ।
ਇਹ ਵੀ ਪੜ੍ਹੋ: ਮੁੜ ਕੋਰੋਨਾ ਦਾ ਕਹਿਰ, ਭਾਰਤ ਵੱਲੋਂ ਚੀਨ ਸਣੇ ਕਈ ਦੇਸ਼ਾਂ ਦੇ ਯਾਤਰੀਆਂ 'ਤੇ ਸਖ਼ਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: