ਮੈਨਚੈਸਟਰ: ਟੀਮ ਇੰਡੀਆ ਦੇ ਸਾਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 140 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਰੋਹਿਤ 39ਵੇਂ ਓਵਰ ਵਿੱਚ ਹਸਨ ਅਲੀ ਦੀ ਗੇਂਦ 'ਤੇ ਰਿਆਜ਼ ਦੇ ਹੱਥੋਂ ਆਊਟ ਹੋਇਆ। ਰੋਹਿਤ ਸ਼ਰਮਾ ਨੇ 113 ਗੇਂਦਾਂ ਵਿੱਚ 3 ਛੱਕੇ ਤੇ 14 ਚੌਕੇ ਦੀ ਮਦਦ ਨਾਲ 140 ਦੌੜਾਂ ਬਣਾਈਆਂ। ਫਿਲਹਾਲ ਮੀਂਹ ਪੈਣ ਦੀ ਵਜ੍ਹਾ ਕਰਕੇ ਮੈਚ ਰੋਕ ਦਿੱਤਾ ਗਿਆ ਹੈ।

ਵਿਸ਼ਵਕੱਪ ਵਿੱਚ ਇਹ ਰੋਹਿਤ ਦਾ ਦੂਜਾ ਸੈਂਕੜਾ ਹੈ। ਰੋਹਿਤ ਨੇ ਪਹਿਲੇ ਮੈਚ ਵਿੱਚ ਦੱਖਣ ਅਫਰੀਕਾ ਖਿਲਾਫ ਵੀ ਸੈਂਕੜਾ ਜੜ੍ਹਿਆ ਸੀ। ਉਸ ਮੌਕੇ ਉਸ ਨੇ ਨਾਬਾਦ 122 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਵਿਸ਼ਵ ਕੱਪ 2019 ਵਿੱਚ ਰੋਹਿਤ ਸ਼ਰਮਾ ਹੁਣ ਤਕ ਇਕੱਲਾ ਅਜਿਹਾ ਬੱਲੇਬਾਜ਼ ਹੈ, ਜਿਸ ਨੇ ਦੋ ਸੈਂਕੜੇ ਲਾਏ ਹਨ।

ਮੈਚ ਦੀ ਸ਼ੁਰੂਆਤ ਵਿੱਚ ਹੀ ਰੋਹਿਤ ਬਿਹਤਰ ਪ੍ਰਦਰਸ਼ਨ ਕਰਦਾ ਦਿੱਸਿਆ। ਉਸ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਪਾਕਿਸਤਾਨੀ ਗੇਂਦਬਾਜ਼ਾਂ ਦੇ ਹੋਸ਼ ਉਡਾ ਦਿੱਤੇ। ਰੋਹਿਤ ਨੇ ਸ਼ਾਨਦਾਰ 123.89 ਦੇ ਸਟ੍ਰਾਈਕ ਰੇਟ ਨਾਲ 140 ਦੌੜਾਂ ਬਣਾਈਆਂ। ਇਸ ਵਰਲਡ ਕੱਪ ਵਿੱਚ ਭਾਰਤ ਆਪਣਾ ਚੌਥਾ ਮੈਚ ਖੇਡ ਰਿਹਾ ਹੈ। ਪਿਛਲੇ ਤਿੰਨ ਮੁਕਾਬਲਿਆਂ ਵਿੱਚ ਭਾਰਤ ਨੇ ਦੋ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਜਦਕਿ ਇੱਕ ਮੁਕਾਬਲਾ ਬਾਰਸ਼ ਦੀ ਵਜ੍ਹਾ ਕਰਕੇ ਰੱਦ ਹੋ ਗਿਆ।