ਟੀਮ ਇੰਡੀਆ ਨੇ ਹਾਲ ਹੀ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ ਇੰਗਲੈਂਡ ਨੂੰ 3-1 ਨਾਲ ਹਰਾ ਕੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਫਾਈਨਲ 'ਚ ਜਗ੍ਹਾ ਬਣਾ ਚੁੱਕੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਘੋਸ਼ਣਾ ਕੀਤੀ ਹੈ ਕਿ ਸਾਊਥੈਂਪਟਨ ਦੇ ਰੋਜ਼ ਬੋਲ ਕ੍ਰਿਕਟ ਮੈਦਾਨ 'ਚ 18 ਤੋਂ 22 ਜੂਨ ਤੱਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਕ ਫਾਈਨਲ ਮੈਚ ਖੇਡਿਆ ਜਾਵੇਗਾ।


 


ਪਹਿਲਾਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਫਾਈਨਲ ਮੈਚ ਲਾਰਡਜ਼ ਦੇ ਇਤਿਹਾਸਕ ਮੈਦਾਨ ‘ਤੇ ਖੇਡਿਆ ਜਾ ਸਕਦਾ ਹੈ। ਪਰ ਆਈਸੀਸੀ ਅਤੇ ਈਸੀਬੀ ਨੇ ਕੋਰੋਨਾਵਾਇਰਸ ਦੇ ਪ੍ਰੋਟੋਕੋਲ ਨੂੰ ਧਿਆਨ 'ਚ ਰੱਖਦੇ ਹੋਏ ਫਾਈਨਲ ਮੈਚ  ਸਾਊਥੈਂਪਟਨ 'ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਆਈਸੀਸੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਆਈਸੀਸੀ ਬੋਰਡ ਨੇ ਚੋਣ ਕਮਿਸ਼ਨ ਦੇ ਸੱਤ ਵੱਖ-ਵੱਖ ਵਿਕਲਪਾਂ ਬਾਰੇ ਵਿਚਾਰ ਵਟਾਂਦਰੇ ਕੀਤੇ। ਕੋਰੋਨਾਵਾਇਰਸ ਦੇ ਪ੍ਰਭਾਵ ਦੇ ਮੱਦੇਨਜ਼ਰ, ਅਸੀਂ ਸਾਊਥੈਂਪਟਨ 'ਚ ਇਕ ਬਾਇਓ ਬਬਲ ਬਣਾ ਕੇ ਫਾਈਨਲ ਮੈਚ ਕਰਵਾਉਣ ਦਾ ਫੈਸਲਾ ਕੀਤਾ ਹੈ।''



ਆਈਸੀਸੀ ਦੇ ਅਨੁਸਾਰ, “ਸਾਊਥੈਂਪਟਨ ਵਿੱਚ ਟਰੇਨਿੰਗ ਲਈ ਵਿਸ਼ਵ ਪੱਧਰੀ ਸਹੂਲਤ ਉਪਲਬਧ ਹੈ। ਸਾਡੇ ਕੋਲ ਦੋਵਾਂ ਟੀਮਾਂ ਨੂੰ ਵਧੀਆ ਟਰੇਨਿੰਗ ਸਹੂਲਤਾਂ ਪ੍ਰਦਾਨ ਕਰਨ ਅਤੇ ਕੋਰੋਨਾਵਾਇਰਸ ਦੇ ਖ਼ਤਰੇ ਤੋਂ ਬਚਣ ਲਈ ਸਾਊਥੈਂਪਟਨ ਤੋਂ ਬਿਹਤਰ ਵਿਕਲਪ ਨਹੀਂ ਹੋ ਸਕਦਾ ਸੀ।''