ਨਵੀਂ ਦਿੱਲੀ: ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਸਦਕਾ ਭਾਰਤ ਨੇ ਬੰਗਲਾਦੇਸ਼ ਨੂੰ 17 ਦੌੜਾਂ ਨਾਲ ਹਰਾ ਕੇ ਨਿਧਾਸ ਟਰਾਫ਼ੀ ਟੀ-20 ਤ੍ਰਿਕੋਣੀ ਕ੍ਰਿਕਟ ਲੜੀ ਦੇ ਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ।

ਭਾਰਤੀ ਕਪਤਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 89 ਦੌੜਾਂ ਦਾ ਯੋਗਦਾਨ ਪਾਇਆ। ਸੁਰੇਸ਼ ਰੈਣਾ ਨੇ 47 ਦੌੜਾਂ ਬਣਾਈਆਂ। ਰੋਹਿਤ ਅਤੇ ਸੁਰੇਸ਼ ਰੈਣਾ ਨੇ ਦੂਜੀ ਵਿਕਟ ਲਈ 102 ਦੌੜਾਂ ਬਣਾਈਆਂ। ਭਾਰਤ ਨੇ ਬੰਗਲਾਦੇਸ਼ ਖਿਲਾਫ਼ ਤਿੰਨ ਵਿਕਟਾਂ ਪਿੱਛੇ 176 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਟੀਮ ਛੇ ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ।

ਬੰਗਲਾਦੇਸ਼ ਵੱਲੋਂ ਮੁਸ਼ਿਫਕੁਰ ਰਹੀਮ ਨੇ 72 ਦੌੜਾਂ ਬਣਾਈਆਂ, ਜਦੋਂਕਿ ਤਮੀਮ ਇਕਬਾਲ ਅਤੇ ਸੱਬੀਰ ਰਹੀਮ 27-27 ਦੌੜਾਂ ਹੀ ਬਣਾ ਸਕੇ। ਬੰਗਲਾਦੇਸ਼ ਦਾ ਹੋਰ ਕੋਈ ਵੀ ਬੱਲੇਬਾਜ਼ ਦੂਹਰੇ ਅੰਕ ਤਕ ਨਹੀਂ ਪਹੁੰਚ ਸਕਿਆ।

ਭਾਰਤੀ ਗੇਂਦਬਾਜ਼ ਵਾਸ਼ਿੰਗਟਨ ਸੁੰਦਰ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ, ਜਦਕਿ ਮੁਹੰਮਦ ਸਿਰਾਜ, ਸ਼ਰਦੂਲ ਠਾਕੁਰ ਅਤੇ ਯੁਜ਼ਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ। ਬੰਗਲਾਦੇਸ਼ ਗੇਂਦਬਾਜ਼ ਰੂਬੇਲ ਹੁਸੈਨ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਜਿਸ ਨੇ ਆਖ਼ਰੀ ਓਵਰ ਵਿੱਚ ਸਿਰਫ਼ ਚਾਰ ਦੌੜਾਂ ਦਿੱਤੀਆਂ। ਉਸ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟਾਂ ਵੀ ਲਈਆਂ।