ਮੁਹਾਲੀ: ਪੀਸੀਏ ਸਟੇਡੀਅਮ ਵਿੱਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਵਨਡੇਅ ਮੈਚਾਂ ਦੀ ਲੜੀ ਦਾ ਚੌਥਾ ਵਨਡੇਅ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਸਟ੍ਰੇਲੀਆ ਸਾਹਮਣੇ 359 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ।
ਇਸ ਮੈਚ ਦੌਰਾਨ ਸ਼ਿਖਰ ਧਵਨ ਨੇ ਕਰੀਅਰ ਦਾ 16ਵਾਂ ਸੈਂਕੜਾ ਲਾਇਆ। ਉਸ ਦੇ 17 ਪਾਰੀਆਂ ਬਾਅਦ ਸੈਂਕੜਾ ਜੜ੍ਹਨ ਵਾਲੀ ਇਹ ਪਾਰੀ ਖੇਡੀ। ਦੂਜੇ ਪਾਸੇ ਰੋਹਿਤ ਸ਼ਰਮਾ ਸੈਂਕੜਾ ਬਣਾਉਂਦਾ-ਬਣਾਉਂਦਾ ਰਹਿ ਗਿਆ। ਉਸ ਨੂੰ 95 ਦੇ ਨਿੱਜੀ ਸਕੋਰ ’ਤੇ ਰਿਚਰਡਸਨ ਨੇ ਆਊਟ ਕੀਤਾ। ਰੋਹਿਤ ਨੇ ਕਰੀਅਰ ਦਾ 40ਵਾਂ ਅਰਧ ਸੈਂਕੜਾ ਬਣਾਇਆ।
ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਜਿਨਾਂ 143 ਦੌੜਾਂ ਦੀ ਪਾਰੀ ਖੇਡੀ। ਸੀਰੀਜ਼ ’ਚ ਪਹਿਲੀ ਵਾਰ ਖੇਡ ਰਹੇ ਕੇ ਐਲ ਰਾਹੁਲ ਨੇ 26 ਤੇ ਧੋਨੀ ਦੀ ਥਾਂ ਮੈਚ ਖੇਡ ਰਹੇ ਰਿਸ਼ਭ ਪੰਤ ਨੇ 36 ਦੌੜਾਂ ਬਣਾਈਆਂ। ਇਨਾਂ ਤੋਂ ਬਿਨਾਂ ਵਿਜੇ ਸ਼ੰਕਰ ਨੇ 15 ਗੇਂਦਾਂ ਤੇ 26 ਦੌੜਾਂ ਦੀ ਪਾਰੀ ਖੇਡੀ।
ਰੋਹਿਤ-ਧਵਨ ਨੇ ਇਸ ਮੈਚ ਵਿੱਚ 12 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਹੀ ਸਚਿਨ ਤੇਂਦੁਲਕਰ ਤੇ ਵੀਰੇਂਦਰ ਸਹਿਵਾਗ ਨੂੰ ਦੌੜਾਂ ਦੀ ਸਾਂਝੇਦਾਰੀ ਦੇ ਮਾਮਲੇ ’ਚ ਪਿੱਛੇ ਛੱਡ ਦਿੱਤਾ ਹੈ। ਸਚਿਨ-ਸਹਿਵਾਗ ਨੇ ਸਾਂਝੇਦਾਰੀ ਵਿੱਚ 4387 ਦੌੜਾਂ ਬਣਾਈਆਂ ਸੀ। ਰੋਹਿਤ-ਧਵਨ ਹੁਣ ਦੋਵੇਂ ਭਾਰਤ ਲਈ ਸਾਂਝੇਦਾਰੀ ਵਿੱਚ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਪਹਿਲੇ ਸਥਾਨ ’ਤੇ ਸਚਿਨ ਤੇ ਸੌਰਵ ਗਾਂਗੁਲੀ ਦੀ ਜੋੜੀ ਹੈ। ਉਨ੍ਹਾਂ 8227 ਦੌੜਾਂ ਬਣਾਈਆਂ ਸੀ।
ਹੁਣ ਆਸਟ੍ਰੇਲੀਆ ਦੀ ਟੀਮ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਉੱਤਰੇਗੀ। ਚੌਥੇ ਵਨਡੇਅ ਵਿੱਚ ਆਸਟ੍ਰੇਲੀਆਈ ਖਿਡਾਰੀ ਸੀਰੀਜ਼ ਵਿੱਚ 2-2 ਦੀ ਬਰਾਬਰੀ ਕਰਨ ਲਈ ਪੂਰੀ ਵਾਹ ਲਾਉਣਗੇ।