ਨਵੀਂ ਦਿੱਲੀ: ਨਿਊਜ਼ੀਲੈਂਡ ਵਿੱਚ ਜਾਰੀ ਭਾਰਤ ਬਨਾਮ ਆਸਟ੍ਰੇਲੀਆ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋ ਚੁੱਕੀ ਹੈ। ਭਾਰਤ ਨੇ ਆਸਟ੍ਰੇਲੀਆ ਵੱਲੋਂ ਦਿੱਤੇ 217 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ 2 ਵਿਕਟ ਦੇ ਨੁਕਸਾਨ 'ਤੇ 135 ਦੌੜਾਂ ਬਣਾ ਲਈਆਂ ਹਨ। ਭਾਰਤ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ 29 ਦੌੜਾਂ ਤੇ ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਕ੍ਰੀਜ਼ 'ਤੇ ਮਨਜੋਤ ਕਾਲੜਾ ਤੇ ਹਾਰਵਿਕ ਦੇਸਾਈ ਕ੍ਰਮਵਾਰ 64 ਤੇ 1 ਦੌੜਾਂ ਬਣਾ ਕੇ ਡਟੇ ਹੋਏ ਹਨ।

ਆਸਟ੍ਰੇਲੀਆ ਦੀ ਪੂਰੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 47.2 ਓਵਰਾਂ ਵਿੱਚ 216 ਦੌੜਾਂ ਬਣਾ ਸਕੀ ਸੀ। ਆਸਟ੍ਰੇਲੀਆਈ ਬੱਲੇਬਾਜ਼ਾਂ ਵਿੱਚੋਂ ਸਿਰਫ ਜੌਨੇਥਨ ਮੇਰਲੋ ਅਰਧ ਸੈਂਕੜਾ ਬਣਾ ਸਕੇ। ਉਨ੍ਹਾਂ 102 ਗੇਂਦਾਂ ਵਿੱਚ 76 ਦੌੜਾਂ ਬਣਾਈਆਂ। ਇਸ ਤੋਂ ਬਾਅਦ ਪਰਮ ਉੱਪਲ ਨੇ 34 ਦੌੜਾਂ ਬਣਾਈਆਂ। ਕਪਤਾਨ ਜੇਸਨ ਸੰਘਾ ਵੀ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਉਹ 24 ਗੇਂਦਾਂ ਖੇਡ ਕੇ 13 ਰਨ ਬਣਾ ਕੇ ਪੈਵੇਲੀਅਨ ਪਰਤ ਗਏ। ਟੀਮ ਦੇ ਹਰ ਬੱਲੇਬਾਜ਼ ਨੇ ਆਪਣਾ ਯੋਗਦਾਨ ਪਾਇਆ। ਯਾਨੀ ਕਿ ਕੋਈ ਵੀ ਬੱਲੇਬਾਜ਼ ਬਿਨਾ ਖਾਤਾ ਖੋਲ੍ਹੇ ਆਉਟ ਨਹੀਂ ਹੋਇਆ।

ਭਾਰਤ ਦੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਸ਼ਾਨ ਪੋਰੇਲ, ਸ਼ਿਵਾ ਸਿੰਘ, ਕਮਲੇਸ਼ ਨਾਗਰਕੋਟੀ ਤੇ ਅੰਕੁਲ ਰਾਏ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਿਵਮ ਮਾਵੀ ਨੇ ਆਸਟ੍ਰੇਲੀਆ ਦੇ 1 ਖਿਡਾਰੀ ਨੂੰ ਆਊਟ ਕੀਤਾ।