ਨਵੀਂ ਦਿੱਲੀ: ਦੱਖਣੀ ਅਫਰੀਕਾ ਨਾਲ ਟੈਸਟ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿੱਚ ਭਾਰਤ ਦੇ ਮੁਢਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਟੀਮ ਨੂੰ ਇੱਕ ਵਾਰ ਫਿਰ ਤੋਂ ਨਿਰਾਸ਼ ਕੀਤਾ। ਕੋਈ ਵੀ ਭਾਰਤੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਬੇਸ਼ੱਕ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ ਪਰ ਜਲਦੀ ਵਿਕਟਾਂ ਨਹੀਂ ਗਵਾਈਆਂ। ਇਸ ਸਮੇਂ ਭਾਰਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 161 ਦੌੜਾਂ ਬਣਾ ਲਈਆਂ ਹਨ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਵਿਰੁੱਧ 154 ਦੌੜਾਂ ਦੀ ਲੀਡ ਵੀ ਕਾਇਮ ਕਰ ਲਈ ਹੈ।
ਦੂਜੇ ਪਾਰੀ ਦੀ ਸ਼ੁਰੂਆਤ ਕਰਦਿਆਂ ਭਾਰਤ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਦੌੜਾਂ ਤਾਂ 25 ਹੀ ਬਣਾਈਆਂ ਪਰ 125 ਗੇਂਦਾਂ ਖੇਡਣ ਤਕ ਵਿਕਟ 'ਤੇ ਡਟੇ ਰਹੇ। ਉਨ੍ਹਾਂ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ 79 ਗੇਂਦਾਂ 'ਤੇ ਟੀਮ 'ਚ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਘੱਟ ਇੱਕ ਰਨ ਬਣਾਇਆ।
ਦੂਜੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਦੀ ਪੂਰੀ ਟੀਮ ਨੂੰ 194 ਦੌੜਾਂ ‘ਤੇ ਡੱਕ ਲਿਆ ਸੀ। ਪਹਿਲੀ ਪਾਰੀ ਵਿੱਚ ਮੇਜ਼ਬਾਨ ਟੀਮ 7 ਦੌੜਾਂ ਦੀ ਲੀਡ ਹੀ ਬਣਾ ਸਕੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਦੇ 5 ਖਿਡਾਰੀ ਆਊਟ ਕੀਤੇ। ਭਾਰਤੀ ਗੇਂਦਬਾਜ਼ ਸ਼ੁਰੂ ਤੋਂ ਹੀ ਮੇਜ਼ਬਾਨ ਟੀਮ ‘ਤੇ ਦਬਾਅ ਬਣਾ ਕੇ ਖੇਡ ਰਹੇ ਸਨ। ਭੁਵਨੇਸ਼ਵਰ ਕੁਮਾਰ ਨੇ ਨਾ ਸਿਰਫ ਕਫਾਇਤੀ ਗੇਂਦਬਾਜ਼ੀ ਕੀਤੀ ਬਲਕਿ 34 ਦੌੜਾਂ ਦੇ ਕੇ 3 ਵਿਕਟਾਂ ਵੀ ਝਟਕਾਈਆਂ। ਜਸਪ੍ਰੀਤ ਬੁਮਰਾਹ ਤੇ ਈਸ਼ਾਂਤ ਸ਼ਰਮਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਸੀ।
ਭਾਰਤੀ ਬੱਲੇਬਾਜ਼ ਅਫਰੀਕਾ ਦੇ ਪੂਰੇ ਦੌਰੇ ਦੌਰਾਨ ਆਪਣਾ ਖਾਸ ਜਲਵਾ ਵਿਖਾ ਨਹੀਂ ਸਕੇ। ਤੀਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਕਪਤਾਨ ਵਿਰਾਟ ਕੋਹਲੀ ਤੇ ਚਿਤੇਸ਼ਵਰ ਪੁਜਾਰਾ ਨੇ ਅਰਧ ਸੈਂਕੜੇ ਲਾਏ। ਇਨ੍ਹਾਂ ਦੇ ਨਾਲ ਭੁਵਨੇਸ਼ਵਰ ਕੁਮਾਰ ਤੋਂ ਬਿਨਾ ਹੋ ਕੋਈ ਵੀ ਭਾਰਤੀ ਖਿਡਾਰੀ ਦੂਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਚਾਰ ਖਿਡਾਰੀ ਤਾਂ ਬਿਨਾ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। 76.4 ਓਵਰਾਂ ਵਿੱਚ ਭਾਰਤ ਨੇ 187 ਦੌੜਾਂ ਹੀ ਬਣਾਈਆਂ ਸਨ।