ਜਕਾਰਤਾ: 18ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਝੋਲੀ ਇੱਕ ਹੋਰ ਸੋਨ ਤਗ਼ਮਾ ਪੈ ਗਿਆ ਹੈ। ਨੌਜਵਾਨ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ। ਏਸ਼ਿਆਈ ਖੇਡਾਂ ਵਿੱਚ ਰਾਹੀ ਸਰਨੋਬਤ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਨਿਸ਼ਾਨਚੀ ਬਣ ਗਈ ਹੈ।

ਰਾਹੀ ਨੇ ਰੋਮਾਂਚਕ ਮੁਕਾਬਲੇ ਵਿੱਚ ਥਾਈਲੈਂਡ ਦੀ ਨਾਪਸ਼ਾਵਾਨ ਨੂੰ ਸ਼ੂਟਆਫ ਵਿੱਚ 3-2 ਨਾਲ ਮਾਤ ਦਿੱਤੀ। ਹਾਲਾਂਕਿ, ਦੋਵਾਂ ਖਿਡਾਰੀਆਂ ਦਾ ਸਕੋਰ 34-34 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਸ਼ੂਟਆਫ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ। ਇਸ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਕਿਮ ਮਿਨਜੁੰਗ ਤੀਜੇ ਸਥਾਨ 'ਤੇ ਰਹੀ। ਉੱਥੇ ਹੀ ਭਾਰਤ ਦੀ ਮਨੂੰ ਭਾਕਰ 16 ਦੇ ਸਕੋਰ ਨਾਲ ਛੇਵੇਂ ਸਥਾਨ 'ਤੇ ਰਹੀ।

ਇਸ ਦੇ ਨਾਲ ਹੀ ਏਸ਼ੀਅਨ ਖੇਡਾਂ ਦੀ ਮੈਡਲ ਸੂਚੀ ਵਿੱਚ ਭਾਰਤ ਦਾ ਸਥਾਨ ਛੇਵਾਂ ਹੋ ਗਿਆ ਹੈ। ਹੁਣ ਤਕ ਚਾਰ ਸੋਨ, ਤਿੰਨ ਚਾਂਦੀ ਤੇ ਚਾਰ ਕਾਂਸੇ ਦੇ ਤਗ਼ਮਿਆਂ ਸਮੇਤ ਭਾਰਤ ਪੱਲੇ ਕੁੱਲ 11 ਮੈਡਲ ਪੈ ਚੁੱਕੇ ਹਨ।