ਨਵੀਂ ਦਿੱਲੀ: 2018 ਦਾ ਪਹਿਲਾ ਟੈਸਟ ਮੈਚ ਖੇਡ ਰਹੀ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਤਾਂ ਕੀਤੀ ਪਰ ਬੱਲੇਬਾਜ਼ੀ ਪੱਛੜ ਕੇ ਰਹਿ ਗਈ। ਆਲਮ ਇਹ ਰਿਹਾ ਕਿ ਟੀਮ ਮੁਸ਼ਕਲ ਨਾਲ 200 ਦੌੜਾਂ ਦਾ ਸਕੋਰ ਪਾਰ ਕਰ ਸਕੀ। ਦੂਜੇ ਦਿਨ ਦੀ ਖੇਡ ਦੌਰਾਨ ਭਾਰਤੀ ਟੀਮ ਨੇ 73.4 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਟੀਮ ਪਹਿਲੀ ਪਾਰੀ ਵਿੱਚ 77 ਦੌੜਾਂ ਪਿੱਛੇ ਰਹਿ ਗਈ ਹੈ।
ਭਾਰਤੀ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ਾਂ ਸਮੇਤ ਹੋਰ ਕੋਈ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਨੇ ਸਭ ਤੋਂ ਜ਼ਿਆਦਾ 93 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਤੇ ਚੇਤੇਸ਼ਵਰ ਪੁਜਾਰਾ ਸਿਰਫ ਦੋ ਅਜਿਹੇ ਬੱਲੇਬਾਜ਼ ਹਨ ਜੋ 25 ਦੌੜਾਂ ਤਕ ਪਹੁੰਚਣ ਵਿੱਚ ਕਾਮਯਾਬ ਰਹੇ। 5 ਖਿਡਾਰੀ ਤਾਂ ਦਿਹਾਈ ਦੇ ਅੰਕੜੇ ਨੂੰ ਛੋਹਣ ਵਿੱਚ ਨਾਕਾਮਯਾਬ ਰਹੇ। ਵਿਆਹ ਤੋਂ ਬਾਅਦ ਮੈਦਾਨ ਵਿੱਚ ਪਰਤੇ ਕਪਤਾਨ ਵਿਰਾਟ ਕੋਹਲੀ ਵੀ 5 ਦੌੜਾਂ ਹੀ ਬਣਾ ਸਕੇ।
ਬੀਤੇ ਕੱਲ੍ਹ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਗੇਂਦਬਾਜ਼ ਅਫਰੀਕੀ ਟੀਮ 'ਤੇ ਹਾਵੀ ਰਹੇ। ਭੁਵਨੇਸ਼ਵਰ ਕੁਮਾਰ ਦੀ ਘਾਤਕ ਗੇਂਦਬਾਜ਼ੀ ਸਾਹਮਣੇ ਦੱਖਣੀ ਅਫਰੀਕਾ ਦੇ ਉਪਰਲੇ ਬੱਲੇਬਾਜ਼ ਟਿਕ ਨਹੀਂ ਸਕੇ ਤੇ 12 ਦੌੜਾਂ ‘ਤੇ ਹੀ 3 ਵਿਕਟਾਂ ਡਿਗ ਗਈਆਂ ਸਨ।
ਇਸ ਤੋਂ ਬਾਅਦ ਏ ਬੀ ਡਿਵੀਲੀਅਰਸ ਤੇ ਡੁਪਲੇਸੀ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਦੱਖਣੀ ਅਫਰੀਕਾ ਦੀ ਵਾਪਸੀ ਕੀਤੀ। ਦੋਵਾਂ ਨੇ ਮਿਲ ਕੇ 114 ਦੀ ਸਾਂਝੇਦਾਰੀ ਬਣਾਈ। ਆਪਣੀ ਜ਼ਮੀਨ ‘ਤੇ ਖੇਡ ਰਹੀ ਅਫਰੀਕੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਲੰਬਾ ਸਕੋਰ ਖੜਾ ਕਰਨ ਦੇ ਮਕਸਦ ਨਾਲ ਉਤਰੀ ਟੀਮ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਸੀ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਦੀ ਪੂਰੀ ਟੀਮ ਨੂੰ 286 ਦੌੜਾਂ ‘ਤੇ ਸਮੇਟ ਦਿੱਤੀ ਸੀ।