ਏਸ਼ਿਆਡ 'ਚ ਭਾਰਤੀ ਹਾਕੀ ਖਿਡਾਰਨਾਂ ਨੇ ਸਿਰਜਿਆ ਇਤਿਹਾਸ
ਜਕਾਰਤਾ: ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਦਿਆਂ ਕਜ਼ਾਕਸਤਾਨ ਨੂੰ 21-0 ਨਾਲ ਮਾਤ ਦਿੱਤੀ। ਪਹਿਲੇ ਮੈਚ ਵਿੱਚ ਇੰਡੋਨੇਸ਼ੀਆ ਨੂੰ 8-0 ਨਾਲ ਮਾਤ ਦੇਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਦੂਜੇ ਮੈਚ ਵਿੱਚ ਵੀ ਗੋਲਾਂ ਦੀ ਵਾਛੜ ਕਰ ਦਿੱਤੀ।
ਚੰਗੇ ਪ੍ਰਦਰਸ਼ਨ ਦੇ ਬਾਵਜੂਦ ਮਹਿਲਾ ਹਾਕੀ ਟੀਮ ਆਪਣੇ ਹੀ ਸਥਾਪਤ ਕੀਤੇ ਹੋਏ 1982 ਦੇ ਏਸ਼ਿਆਡ ਰਿਕਾਰਡ ਨੂੰ ਤੋੜਨ ਤੋਂ ਬਹੁਤ ਘਟ ਫਰਕ ਨਾਲ ਖੁੰਝ ਗਈ। 1982 ਵਿੱਚ ਭਾਰਤ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਹਾਂਗ-ਕਾਂਗ ਨੂੰ 22-0 ਨਾਲ ਮਾਤ ਦਿੱਤੀ ਸੀ।
ਇਸ ਮੈਚ ਵਿੱਚ ਭਾਰਤ ਦੀਆਂ 4 ਖਿਡਾਰਨਾਂ ਨੇ ਹੈਟ੍ਰਿਕ ਲਾਈ ਪਰ ਟੀਮ ਵਾਸਤੇ ਸਭ ਤੋਂ ਵਧ ਗੋਲ ਨਵਨੀਤ ਕੌਰ ਨੇ ਕੀਤੇ। ਨਵਨੀਤ ਨੇ 11ਵੇਂ, 12ਵੇਂ, 16ਵੇਂ, 48ਵੇਂ ਤੇ ਫੇਰ 48ਵੇਂ ਮਿੰਟ ਵਿੱਚ ਕੁੱਲ 5 ਗੋਲ ਕੀਤੇ। ਇੰਡੋਨੇਸ਼ੀਆ ਖਿਲਾਫ ਹੈਟ੍ਰਿਕ ਲਾਉਣ ਵਾਲੀ ਗੁਰਜੀਤ ਕੌਰ ਨੇ ਇਸ ਮੈਚ ਵਿੱਚ 4 ਗੋਲ ਕੀਤੇ।
ਲਾਲਰੇਮਸਿਆਮੀ ਤੇ ਵੰਦਨਾ ਕਟਾਰੀਆ ਨੇ 3-3 ਗੋਲ ਕੀਤੇ। ਯਾਦ ਰਹੇ ਕੱਲ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀ ਖੇਡਾਂ ਵਿਚ 17-0 ਦੀ ਵੱਡੀ ਜਿੱਤ ਨਾਲ ਖਾਤਾ ਖੋਲ੍ਹਿਆ ਸੀ। ਭਾਰਤੀ ਮਹਿਲਾ ਹਾਕੀ ਟੀਮ ਦਾ ਹੁਣ ਅਗਲੇ ਗਰੁੱਪ ਮੈਚ ਵਿਚ 25 ਅਗਸਤ ਨੂੰ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਵੇਗਾ।