Rajasthan Royals vs Mumbai Indians: ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 44ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਸੀਜ਼ਨ 'ਚ ਮੁੰਬਈ ਦੀ ਇਹ ਪਹਿਲੀ ਜਿੱਤ ਹੈ। ਮੁੰਬਈ ਨੂੰ ਲਗਾਤਾਰ ਅੱਠ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਮਿਲੀ। ਇਸ ਦੇ ਨਾਲ ਹੀ ਰਾਜਸਥਾਨ ਦੀ 9 ਮੈਚਾਂ ਵਿੱਚ ਇਹ ਤੀਜੀ ਹਾਰ ਹੈ।


ਰਾਜਸਥਾਨ ਰਾਇਲਜ਼ ਨੇ ਪਹਿਲਾਂ ਖੇਡਦਿਆਂ ਜੋਸ ਬਟਲਰ ਦੀਆਂ 67 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ 'ਤੇ 158 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਇੰਡੀਅਨਜ਼ ਨੇ 19.2 ਓਵਰਾਂ 'ਚ ਟੀਚਾ ਹਾਸਲ ਕਰ ਲਿਆ।


ਜਨਮਦਿਨ 'ਤੇ ਵੀ ਨਹੀਂ ਚਲਿਆ ਰੋਹਿਤ ਸ਼ਰਮਾ ਦਾ ਬੱਲਾ


ਰਾਜਸਥਾਨ ਤੋਂ ਮਿਲੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਇੱਕ ਵਾਰ ਫਿਰ ਖ਼ਰਾਬ ਰਹੀ। ਆਪਣੇ ਜਨਮਦਿਨ ਦੇ ਮੌਕੇ 'ਤੇ ਕਪਤਾਨ ਰੋਹਿਤ ਸ਼ਰਮਾ ਸਿਰਫ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਦੂਜੇ ਸਿਰੇ 'ਤੇ ਈਸ਼ਾਨ ਕਿਸ਼ਨ ਨੇ ਕੁਝ ਹਮਲਾਵਰ ਸ਼ਾਟ ਖੇਡੇ। ਕਿਸ਼ਨ ਨੇ 18 ਗੇਂਦਾਂ 'ਚ 4 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 26 ਦੌੜਾਂ ਦੀ ਪਾਰੀ ਖੇਡੀ।


ਛੇਵੇਂ ਓਵਰ 'ਚ 41 ਦੌੜਾਂ 'ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਲੀਡ ਸੰਭਾਲੀ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਹੋਈ। ਸੂਰਿਆਕੁਮਾਰ 39 ਗੇਂਦਾਂ ਵਿੱਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਤਿਲਕ ਨੇ 30 ਗੇਂਦਾਂ 'ਚ 35 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਇੱਕ ਚੌਕਾ ਤੇ ਦੋ ਛੱਕੇ ਲਾਏ।


ਆਖਰੀ ਓਵਰਾਂ ਵਿੱਚ ਰੋਮਾਂਚਕ ਹੋਇਆ ਮੈਚ


ਜਦੋਂ ਸੂਰਿਆ ਅਤੇ ਤਿਲਕ ਬੱਲੇਬਾਜ਼ੀ ਕਰ ਰਹੇ ਸੀ ਤਾਂ ਅਜਿਹਾ ਲੱਗ ਰਿਹਾ ਸੀ ਕਿ ਮੁੰਬਈ ਆਸਾਨੀ ਨਾਲ ਇਹ ਮੈਚ ਜਿੱਤ ਲਵੇਗੀ ਪਰ ਪਹਿਲਾਂ ਸੂਰਿਆ 15ਵੇਂ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਿਆ ਅਤੇ ਫਿਰ ਤਾਲਿਕ ਵੀ 16ਵੇਂ ਓਵਰ ਦੀ ਦੂਜੀ ਗੇਂਦ 'ਤੇ ਪੈਵੇਲੀਅਨ ਪਰਤ ਗਿਆ। ਫਿਰ ਕੀਰਨ ਪੋਲਾਰਡ ਅਤੇ ਟਿਮ ਡੇਵਿਡ ਨੇ ਜ਼ਿੰਮੇਵਾਰੀ ਲਈ।


ਮੁੰਬਈ ਨੂੰ ਜਿੱਤ ਲਈ ਆਖਰੀ 24 ਗੇਂਦਾਂ ਵਿੱਚ 35 ਦੌੜਾਂ ਬਣਾਉਣੀਆਂ ਸੀ। ਅਜਿਹੇ ਸਮੇਂ 'ਚ ਟਿਮ ਡੇਵਿਡ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਹਾਲਾਂਕਿ ਕਿਰਨ ਪੋਲਾਰਡ ਦੂਜੇ ਸਿਰੇ 'ਤੇ ਕਾਫੀ ਸੰਘਰਸ਼ ਕਰ ਰਿਹਾ ਸੀ। ਪੋਲਾਰਡ 14 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੇ ਨਾਲ ਹੀ ਡੇਵਿਡ ਨੇ ਸਿਰਫ 9 ਗੇਂਦਾਂ 'ਚ 20 ਦੌੜਾਂ ਬਣਾਈਆਂ। ਡੇਵਿਡ ਨੇ ਦੋ ਚੌਕੇ ਅਤੇ ਇੱਕ ਛੱਕਾ ਲਗਾਇਆ। ਅੰਤ 'ਚ ਡੈਨੀਅਮ ਸੈਮਸ ਨੇ ਛੱਕਾ ਲਗਾ ਕੇ ਜਿੱਤ ਹਾਸਲ ਕੀਤੀ।


ਇਹ ਵੀ ਪੜ੍ਹੋ: La Liga 2022: ਰੀਅਲ ਮੈਡ੍ਰਿਡ ਨੇ ਜਿੱਤਿਆ ਰਿਕਾਰਡ 35ਵੀਂ ਵਾਰ ਖਿਤਾਬ, ਮੈਡ੍ਰਿਡ 81 ਅੰਕਾਂ ਨਾਲ ਦੂਜੇ ਸਥਾਨ 'ਤੇ