IPL 2025: ਪੰਜਾਬ ਨੇ ਲਖਨਊ ਦੀ ਕੱਢੀ ਹਵਾ, ਰਿਸ਼ਭ ਪੰਤ ਫਿਰ ਰਹੇ ਫਲਾਪ, PBKS ਨੇ LSG ਨੂੰ 37 ਦੌੜਾਂ ਨਾਲ ਹਰਾਇਆ, ਅਰਸ਼ਦੀਪ ਨੇ ਲਈਆਂ 3 ਵਿਕਟਾਂ, ਪ੍ਰਭਸਿਮਰਨ ਨੇ ਖੇਡੀ ਤੂਫਾਨੀ ਪਾਰੀ
ਪੰਜਾਬ ਦੀ ਇਸ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਪ੍ਰਭਸਿਮਰਨ ਸਿੰਘ ਅਤੇ ਅਰਸ਼ਦੀਪ ਸਿੰਘ ਦਾ ਰਿਹਾ। ਪ੍ਰਭਸਿਮਰਨ ਨੇ ਬੱਲੇਬਾਜ਼ੀ ਵਿੱਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਪੰਜਾਬ ਨੂੰ 236 ਦੇ ਵੱਡੇ ਸਕੋਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ

PBKS vs LSG Match Highlights IPL 2025: ਪੰਜਾਬ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 37 ਦੌੜਾਂ ਨਾਲ ਹਰਾ ਦਿੱਤਾ ਹੈ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 236 ਦੌੜਾਂ ਬਣਾਈਆਂ, ਜਿਸਦੇ ਜਵਾਬ ਵਿੱਚ LSG ਦੀ ਟੀਮ 20 ਓਵਰਾਂ ਵਿੱਚ ਸਿਰਫ਼ 199 ਦੌੜਾਂ ਹੀ ਬਣਾ ਸਕੀ ਅਤੇ ਮੈਚ 37 ਦੌੜਾਂ ਨਾਲ ਹਾਰ ਗਈ। ਪੰਜਾਬ ਵੱਲੋਂ ਪ੍ਰਭਸਿਮਰਨ ਸਿੰਘ ਨੇ 91 ਦੌੜਾਂ ਦੀ ਤੀਬਰ ਪਾਰੀ ਖੇਡੀ, ਜਦਕਿ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਨੇ ਕਮਾਲ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ। ਇਸ ਜਿੱਤ ਨਾਲ ਪੰਜਾਬ ਪਲੇਆਫ਼ ਵਿੱਚ ਪਹੁੰਚਣ ਦੇ ਬਹੁਤ ਨੇੜੇ ਪਹੁੰਚ ਗਿਆ ਹੈ।
ਧਰਮਸ਼ਾਲਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਪਹਿਲਾਂ ਖੇਡਦਿਆਂ 236 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਜਵਾਬ ਵਿੱਚ ਲਖਨਊ ਦੀ ਸ਼ੁਰੂਆਤ ਬਹੁਤ ਹੀ ਮਾੜੀ ਰਹੀ ਕਿਉਂਕਿ ਸਿਰਫ਼ 16 ਦੇ ਸਕੋਰ 'ਤੇ ਦੋਵੇਂ ਓਪਨਰ ਆਊਟ ਹੋ ਚੁੱਕੇ ਸਨ। ਏਡਨ ਮਾਰਕਰਮ ਨੇ 13 ਦੌੜਾਂ ਬਣਾਈਆਂ, ਜਦਕਿ ਮਿਚੈਲ ਮਾਰਸ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਨਿਕੋਲਸ ਪੂਰਨ ਲਗਾਤਾਰ ਪੰਜਵੇਂ ਮੈਚ ਵਿੱਚ ਵੱਡਾ ਸਕੋਰ ਕਰਨ ਵਿੱਚ ਨਾਕਾਮ ਰਹੇ ਕਿਉਂਕਿ ਉਹ ਪੰਜਾਬ ਖਿਲਾਫ ਵੀ ਸਿਰਫ਼ 6 ਦੌੜਾਂ ਹੀ ਬਣਾ ਸਕੇ।
ਕਪਤਾਨ ਰਿਸ਼ਭ ਪੰਤ ਦੀ ਮਾੜੀ ਫਾਰਮ ਜਾਰੀ ਰਹੀ, ਉਹ 17 ਗੇਂਦਾਂ 'ਚ 18 ਦੌੜਾਂ ਬਣਾਕੇ ਆਉਟ ਹੋ ਗਏ। ਹਾਲਤ ਇੰਝ ਸੀ ਕਿ ਲਖਨਊ ਦੀ ਅੱਧੀ ਟੀਮ ਸਿਰਫ਼ 73 ਦੇ ਸਕੋਰ 'ਤੇ ਹੀ ਪਵੈਲਿਅਨ ਵਾਪਸ ਜਾ ਚੁੱਕੀ ਸੀ। ਇੱਥੋਂ ਬਾਅਦ ਅਬਦੁਲ ਸਮਦ ਅਤੇ ਆਯੁਸ਼ ਬਦੋਨੀ ਨੇ ਪਾਰੀ ਸੰਭਾਲੀ ਅਤੇ ਦੋਹਾਂ ਵਿਚਕਾਰ 81 ਦੌੜਾਂ ਦੀ ਚੰਗੀ ਸਾਂਝੇਦਾਰੀ ਬਣੀ। ਪਰ ਜਦੋਂ ਟੀਮ ਜਿੱਤ ਵੱਲ ਵਧ ਰਹੀ ਸੀ, ਉਦੋਂ ਸਮਦ 24 ਗੇਂਦਾਂ 'ਚ 45 ਦੌੜਾਂ ਬਣਾਕੇ ਆਊਟ ਹੋ ਗਏ।
ਆਯੁਸ਼ ਬਦੋਨੀ ਹਾਲੇ ਵੀ ਕ੍ਰੀਜ਼ 'ਤੇ ਡਟੇ ਹੋਏ ਸਨ, ਪਰ ਜਦੋਂ ਤੱਕ ਉਨ੍ਹਾਂ ਨੇ ਤੇਜ਼ ਗਤੀ ਨਾਲ ਸ਼ਾਟ ਲਗਾਉਣ ਸ਼ੁਰੂ ਕੀਤੇ, ਤਦ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਨ੍ਹਾਂ ਨੇ 40 ਗੇਂਦਾਂ 'ਚ 74 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਹਾਲਤ ਇੰਨੀ ਗੰਭੀਰ ਸੀ ਕਿ LSG ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ 49 ਦੌੜਾਂ ਦੀ ਲੋੜ ਸੀ। ਇਸ ਵੱਡੀ ਹਾਰ ਕਾਰਨ ਲਖਨਊ ਦੀ ਪਲੇਆਫ਼ 'ਚ ਪਹੁੰਚਣ ਦੀ ਰਾਹਤ ਬਹੁਤ ਔਖੀ ਹੋ ਗਈ ਹੈ।
ਪੰਜਾਬ ਦੀ ਇਸ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਪ੍ਰਭਸਿਮਰਨ ਸਿੰਘ ਅਤੇ ਅਰਸ਼ਦੀਪ ਸਿੰਘ ਦਾ ਰਿਹਾ। ਪ੍ਰਭਸਿਮਰਨ ਨੇ ਬੱਲੇਬਾਜ਼ੀ ਵਿੱਚ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਪੰਜਾਬ ਨੂੰ 236 ਦੇ ਵੱਡੇ ਸਕੋਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਦੂਜੇ ਪਾਸੇ ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਕਰਦਿਆਂ 3 ਮਹੱਤਵਪੂਰਨ ਵਿਕਟਾਂ ਲਈਆਂ। ਇਸ ਜਿੱਤ ਨਾਲ ਪੰਜਾਬ 15 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।




















