ਜਿਹੜਾ ਕੰਮ ਧੋਨੀ-ਕੋਹਲੀ ਨਾ ਕਰ ਸਕੇ, ਉਹ 'ਸ਼ੁਭਮਨ ਗਿੱਲ' ਨੇ ਕਰ ਵਿਖਾਇਆ, IPL ਦੇ ਇਤਿਹਾਸ 'ਚ ਪਹਿਲੇ ਬੱਲੇਬਾਜ਼
ਆਈਪੀਐਲ 2022 'ਚ ਭਾਵੇਂ ਉਹ ਪਹਿਲੀ ਪਾਰੀ ਵਿੱਚ ਬਗੈਰ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ ਸਨ, ਪਰ ਉਸੇ ਸੀਜ਼ਨ ਦੇ ਫਾਈਨਲ 'ਚ ਉਹ ਅੰਤ ਤੱਕ ਕ੍ਰੀਜ਼ 'ਤੇ ਡਟੇ ਰਹੇ ਅਤੇ ਟੀਮ ਨੂੰ ਖਿਤਾਬ ਦਿਵਾਉਣ ਤੋਂ ਬਾਅਦ ਹੀ ਵਾਪਸ ਪਰਤੇ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL 2022) ਤੋਂ ਪਹਿਲਾਂ ਗੁਜਰਾਤ ਟਾਈਟਨਸ (GT) ਨੇ ਸ਼ੁਭਮਨ ਗਿੱਲ ਨੂੰ ਡਰਾਫਟ ਵਜੋਂ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਗੁਜਰਾਤ ਫਰੈਂਚਾਇਜ਼ੀ ਵੱਲੋਂ ਇਸ ਨੂੰ ਵੱਡਾ ਕਦਮ ਦੱਸਿਆ ਜਾ ਰਿਹਾ ਸੀ ਪਰ ਪਹਿਲੇ ਮੈਚ 'ਚ ਉਹ ਬਗੈਰ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਅਜਿਹੇ 'ਚ ਟੀਮ ਦੇ ਫ਼ੈਸਲੇ 'ਤੇ ਸਵਾਲ ਖੜ੍ਹੇ ਹੋ ਗਏ ਹਨ ਪਰ ਕਿਹਾ ਜਾ ਰਿਹਾ ਹੈ ਕਿ ਹਰ ਕੋਈ ਆਪਣੀ ਸ਼ੁਰੂਆਤ ਤੋਂ ਨਹੀਂ ਸਗੋਂ ਅੰਤ ਨਾਲ ਜਾਣਿਆ ਜਾਂਦਾ ਹੈ ਤੇ ਸ਼ੁਭਮਨ ਗਿੱਲ ਨੇ ਵੀ ਅਜਿਹਾ ਹੀ ਕੁਝ ਕਰਕੇ ਇਸ ਟੂਰਨਾਮੈਂਟ 'ਚ ਇਤਿਹਾਸ ਸਿਰਜਿਆ ਹੈ।
ਆਈਪੀਐਲ 2022 'ਚ ਭਾਵੇਂ ਉਹ ਪਹਿਲੀ ਪਾਰੀ ਵਿੱਚ ਬਗੈਰ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ ਸਨ, ਪਰ ਉਸੇ ਸੀਜ਼ਨ ਦੇ ਫਾਈਨਲ 'ਚ ਉਹ ਅੰਤ ਤੱਕ ਕ੍ਰੀਜ਼ 'ਤੇ ਡਟੇ ਰਹੇ ਅਤੇ ਟੀਮ ਨੂੰ ਖਿਤਾਬ ਦਿਵਾਉਣ ਤੋਂ ਬਾਅਦ ਹੀ ਵਾਪਸ ਪਰਤੇ। ਇੰਨਾ ਹੀ ਨਹੀਂ, ਸ਼ੁਭਮਨ ਗਿੱਲ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਆਈਪੀਐਲ ਦੇ 15 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਬੱਲੇਬਾਜ਼ ਨੇ ਛੱਕਾ ਲਗਾ ਕੇ ਆਪਣੀ ਟੀਮ ਨੂੰ ਫਾਈਨਲ ਮੈਚ ਜਿਤਾਇਆ ਹੋਵੇ।
ਇਸ ਮੈਚ 'ਚ ਸ਼ੁਭਮਨ ਗਿੱਲ ਨੇ 43 ਗੇਂਦਾਂ ਵਿੱਚ 3 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਅਜੇਤੂ 45 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਦੀ ਇਹ ਅਜਿਹੀ ਪਾਰੀ ਸੀ, ਜਿਸ ਦੇ ਦਮ 'ਤੇ ਗੁਜਰਾਤ ਮੈਚ 'ਚ ਕਦੇ ਕਮਜ਼ੋਰ ਨਜ਼ਰ ਨਹੀਂ ਆਇਆ। ਗਿੱਲ ਨੇ ਇਸ ਆਈਪੀਐਲ ਦੇ 16 ਮੈਚਾਂ ਦੀਆਂ 16 ਪਾਰੀਆਂ 'ਚ ਕੁੱਲ 483 ਦੌੜਾਂ ਬਣਾਈਆਂ, ਜਿਸ 'ਚ 4 ਅਰਧ ਸੈਂਕੜੇ ਸ਼ਾਮਲ ਹਨ। ਉਹ ਗੁਜਰਾਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਸਨ। ਗੁਜਰਾਤ ਲਈ ਹਾਰਦਿਕ ਪੰਡਯਾ ਨੇ 487, ਗਿੱਲ ਨੇ 483 ਅਤੇ ਡੇਵਿਡ ਮਿਲਰ ਨੇ 481 ਦੌੜਾਂ ਬਣਾਈਆਂ।