INDvsNZ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਤੋਂ ਨਿਊਜ਼ੀਲੈਂਡ ਖਿਲਾਫ ਆਗਾਮੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਭਾਰਤ ਦੀ ਕਪਤਾਨੀ ਕਰਨ ਦੀ ਉਮੀਦ ਹੈ। ਕਿਉਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਟੀ-20 ਵਿਸ਼ਵ ਕੱਪ ਤੋਂ ਬਾਅਦ ਟੀਮ ਦੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਵੇਗਾ। ਕਈ ਭਾਰਤੀ ਖਿਡਾਰੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਖੇਡ ਰਹੇ ਹਨ।

ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੇਐਲ ਰਾਹੁਲ ਨਿਊਜ਼ੀਲੈਂਡ ਖ਼ਿਲਾਫ਼ ਟੀਮ ਇੰਡੀਆ ਦੀ ਅਗਵਾਈ ਕਰਨਗੇ ਕਿਉਂਕਿ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ। ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀ-20 ਤੋਂ ਟੀਮ ਇੰਡੀਆ ਦੀ ਕਪਤਾਨੀ ਛੱਡ ਦੇਣਗੇ, ਜਿਸ ਦਾ ਐਲਾਨ ਉਨ੍ਹਾਂ ਨੇ ਪਹਿਲਾਂ ਕਰ ਦਿੱਤਾ ਹੈ। ਅਜਿਹੇ 'ਚ ਬੀਸੀਸੀਆਈ ਨੂੰ ਜਲਦ ਹੀ ਆਪਣੇ ਉੱਤਰਾਧਿਕਾਰੀ ਦੇ ਨਾਂ ਦਾ ਐਲਾਨ ਕਰਨਾ ਹੋਵੇਗਾ। ਵਿਰਾਟ ਦੇ ਕਪਤਾਨੀ ਛੱਡਣ ਤੋਂ ਬਾਅਦ ਰੋਹਿਤ ਸ਼ਰਮਾ ਟੀ-20 ਦਾ ਕਪਤਾਨ ਬਣਨ 'ਚ ਸਭ ਤੋਂ ਅੱਗੇ ਹੈ।

ਰਾਹੁਲ ਨੇ ਕਪਤਾਨੀ ਕਰਨ ਦਾ ਫੈਸਲਾ ਕੀਤਾ
ਰਾਹੁਲ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 'ਚ ਕਪਤਾਨੀ ਕਰਨਗੇ। ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, "ਵਿਸ਼ਵ ਕੱਪ ਤੋਂ ਬਾਅਦ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੀ ਲੋੜ ਪਵੇਗੀ। ਇਹ ਕੋਈ ਭੇਤ ਨਹੀਂ ਹੈ। ਰਾਹੁਲ ਟੀ-20 ਟੀਮ ਦੇ ਅਹਿਮ ਮੈਂਬਰ ਹਨ, ਉਨ੍ਹਾਂ ਵੱਲੋਂ ਅਗਵਾਈ ਕਰਨਾ ਲਗਭਗ ਤੈਅ ਹੈ।"

ਟੀ-20 ਸੀਰੀਜ਼ ਦਾ ਸਮਾਂ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਇਸ ਮਹੀਨੇ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਮੈਚ 17 ਨਵੰਬਰ ਨੂੰ ਜੈਪੁਰ 'ਚ ਖੇਡਿਆ ਜਾਵੇਗਾ। ਜਦਕਿ ਦੂਜਾ ਮੈਚ 19 ਨਵੰਬਰ ਨੂੰ ਰਾਂਚੀ ਵਿੱਚ ਹੋਵੇਗਾ। ਇਸ ਦੇ ਨਾਲ ਹੀ 21 ਨਵੰਬਰ ਨੂੰ ਕੋਲਕਾਤਾ 'ਚ ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਆਖਰੀ ਮੈਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ।