ਨਵੀਂ ਦਿੱਲੀ: ਪਿਛਲੇ ਲੰਮੇ ਸਮੇਂ ਤੋਂ ਚੰਗੀ ਲੈਅ ਵਿੱਚ ਚੱਲੀ ਆ ਰਹੀ ਭਾਰਤੀ ਕ੍ਰਿਕੇਟ ਟੀਮ ਅੱਜ ਸਾਲ 2017 ਦਾ ਅੰਤਮ ਮੁਕਾਬਲਾ ਖੇਡਣ ਜਾ ਰਹੀ ਹੈ। ਲੜੀ ਜਿੱਤ ਚੁੱਕੀ ਭਾਰਤੀ ਟੀਮ ਭਲਕੇ ਸ੍ਰੀਲੰਕਾ ਖ਼ਿਲਾਫ਼ ਤੀਜੇ ਤੇ ਆਖਰੀ ਟੀ-20 ਕ੍ਰਿਕਟ ਮੈਚ ’ਚ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ ਅਤੇ ਇਸ ’ਚ ਉਸ ਨੂੰ ਬੈਂਚ ਸਟ੍ਰੈਂਥ ਨੂੰ ਵੀ ਅਜ਼ਮਾਉਣ ਦਾ ਮੌਕਾ ਮਿਲੇਗਾ।
ਸ੍ਰੀਲੰਕਾ ਲਈ ਇਹ ਦੌਰਾ ਕਾਫੀ ਨਿਰਾਸ਼ਾ ਭਰਿਆ ਰਿਹਾ ਅਤੇ ਭਾਰਤ ਹੱਥੋਂ ਦੋ ਮੈਚਾਂ ’ਚ ਮਿਲੀ ਹਾਰ ਨੇ ਉਸ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ। ਭਾਰਤ ਨੇ ਕਟਕ ’ਚ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ 93 ਦੌੜਾਂ ਨਾਲ ਹਰਾਇਆ ਤੇ ਇੰਦੌਰ ’ਚ ਦੂਜਾ ਮੈਚ 88 ਦੌੜਾਂ ਜਿੱਤ ਕੇ ਲੜੀ ਆਪਣੇ ਨਾਂ ਕਰ ਲਈ ਹੈ। ਇਸ ਤੋਂ ਪਹਿਲਾਂ ਇੱਕ ਰੋਜ਼ਾ ਲੜੀ ’ਚ ਸ੍ਰੀਲੰਕਾ ਨੂੰ 1-2 ਨਾਲ ਹਾਰ ਝੱਲਣੀ ਪਈ ਸੀ ਜਦਕਿ ਟੈਸਟ ਲੜੀ ’ਚ ਵੀ ਉਸ ਦਾ ਸਫ਼ਾਇਆ ਹੋ ਗਿਆ।
ਦੂਜੇ ਪਾਸੇ ਭਾਰਤ ਨੇ ਸਾਰੀਆਂ ਵੰਨਗੀਆਂ ’ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਦੱਖਣੀ ਅਫਰੀਕਾ ਦੇ ਦੌਰੇ ਤੋਂ ਪਹਿਲਾਂ ਇੱਕ ਹੋਰ ਜਿੱਤ ਨਾਲ ਆਪਣਾ ਹੌਸਲਾ ਵਧਾਉਣਾ ਚਾਹੇਗੀ। ਦੱਖਣੀ ਅਫਰੀਕਾ ’ਚ ਉਸ ਨੇ ਤਿੰਨ ਟੈਸਟ, ਛੇ ਇੱਕ ਰੋਜ਼ਾ ਤੇ ਤਿੰਨ ਟੀ-20 ਮੈਚ ਖੇਡਣੇ ਹਨ। ਲਗਾਤਾਰ ਇੱਕਪਾਸੜ ਮੁਕਾਬਲੇ ਦੱਖਣੀ ਅਫਰੀਕਾ ਦੇ ਮੁਸ਼ਕਲ ਦੌਰੇ ਲਈ ਵਧੀਆ ਤਿਆਰੀ ਨਹੀਂ ਕਹੇ ਜਾਣਗੇ, ਪਰ ਚੰਗੀ ਗੱਲ ਇਹ ਹੈ ਕਿ ਕਪਤਾਨ ਵਿਰਾਟ ਕੋਹਲੀ ਸਮੇਤ ਸੀਨੀਅਰਾਂ ਦੀ ਗ਼ੈਰ ਮੌਜੂਦਗੀ ’ਚ ਨੌਜਵਾਨ ਖਿਡਾਰੀਆਂ ਨੇ ਇੱਕ ਰੋਜ਼ਾ ਤੇ ਟੀ-20 ਲੜੀਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਤੇਜ਼ ਟੀ-20 ਸੈਂਕੜੇ ਦੇ ਡੇਵਿਡ ਮਿੱਲਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਉਸ ਨੇ ਇੰਦੌਰ ’ਚ 43 ਗੇਂਦਾਂ ’ਚ ਸੈਂਕੜਾ ਬਣਾਇਆ ਅਤੇ ਆਪਣੇ ਘਰੇਲੂ ਮੈਦਾਨ ’ਤੇ ਵੀ ਇਸ ਫੋਰਮ ਨੂੰ ਬਰਕਰਾਰ ਰੱਖਣਾ ਚਾਹੇਗਾ।
ਕੇ.ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ ਤੇ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਭਾਰਤ ਨੇ ਕੱਲ ਧੋਨੀ ਨੂੰ ਪਹਿਲਾਂ ਭੇਜਿਆ ਸੀ ਅਤੇ ਸਾਬਕਾ ਕਪਤਾਨ ਨੇ ਤੇਜ਼ੀ ਨਾਲ ਦੌੜਾਂ ਬਣਾ ਕੇ ਇਸ ਫ਼ੈਸਲੇ ਨੂੰ ਸਹੀ ਸਾਬਤ ਕੀਤਾ। ਮੁੰਬਈ ’ਚ ਵੀ ਇਸ ਨੂੰ ਦੁਹਰਾਇਆ ਜਾ ਸਕਦਾ ਹੈ। ਯਜ਼ੁਵਿੰਦਰ ਚਹਿਲ ਤੇ ਕੁਲਦੀਪ ਯਾਦਵ ਨੇ ਕੌਮਾਂਤਰੀ ਕ੍ਰਿਕਟ ’ਚ ਲਗਾਤਾਰ ਵਿਕਟਾਂ ਲੈ ਕੇ ਆਪਣੀ ਥਾਂ ਪੱਕੀ ਕਰ ਲਈ ਹੈ।
ਚੋਣਕਾਰਾਂ ਦੀਆਂ ਨਜ਼ਰਾਂ ਸੌਰਾਸ਼ਟਰ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ’ਤੇ ਵੀ ਰਹਿਣਗੀਆਂ ਜੋ ਆਸ਼ੀਸ਼ ਨਹਿਰਾ ਦੇ ਸੰਨਿਆਸ ਤੋਂ ਬਾਅਦ ਉਸ ਦੀ ਥਾਂ ਲੈ ਸਕਦਾ ਹੈ। ਹਾਰਦਿਕ ਪਾਂਡਿਆ ਤੇ ਜਸਪ੍ਰੀਤ ਬਮਰਾ ਦੀ ਟੀਮ ’ਚ ਥਾਂ ਪੱਕੀ ਹੈ ਤੇ ਚੰਗੇ ਪ੍ਰਦਰਸ਼ਨ ਨਾਲ ਅਗਲੇ ਦੌਰੇ ਤੋਂ ਪਹਿਲਾਂ ਉਨ੍ਹਾਂ ਦਾ ਹੌਸਲਾ ਵਧੇਗਾ।
ਵੈਸੇ ਲੜੀ ਜਿੱਤਣ ਤੋਂ ਬਾਅਦ ਟੀਮ ਪ੍ਰਬੰਧਕ ਬਾਸਿਲ ਥੰਪੀ, ਵਾਸ਼ਿੰਗਟਨ ਸੁੰਦਰ ਤੇ ਦੀਪਕ ਹੁੱਡਾ ਨੂੰ ਵੀ ਅਜ਼ਮਾ ਸਕਦੇ ਹਨ। ਇਸੇ ਵਿਚਾਲੇ ਸ੍ਰੀਲੰਕਾ ਨੂੰ ਕਰਾਰਾ ਝਟਕਾ ਲੱਗਾ ਜਦੋਂ ਏਂਜਲੋ ਮੈਥਿਊਜ਼ ਮਾਸਪੇਸ਼ੀਆਂ ਦੀ ਖਿੱਚ ਕਾਰਨ ਟੀਮ ਤੋਂ ਬਾਹਰ ਹੋ ਗਿਆ। ਉਸ ਦੀ ਗ਼ੈਰ ਹਾਜ਼ਿਰੀ ’ਚ ਉਪੁਲ ਤਰੰਗਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ। ਗੇਂਦਬਾਜ਼ਾਂ ’ਚ ਨੁਵਾਨ ਪ੍ਰਦੀਪ, ਤਿਸਾਰਾ ਪਰੇਰਾ ਤੇ ਮੈਥਿਊਜ਼ ਕਾਫੀ ਮਹਿੰਗੇ ਸਾਬਤ ਹੋਏ, ਜਿਨ੍ਹਾਂ ਭਾਰਤੀ ਬੱਲੇਬਾਜ਼ਾਂ ਨੂੰ ਨੱਥ ਪਾਉਣ ਦੇ ਢੰਗ ਲੱਭਣੇ ਪੈਣਗੇ।