ਚੰਡੀਗੜ੍ਹ: ਦੁਨੀਆ ਦੀ ਸਭ ਤੋਂ ਬਿਹਤਰੀਨ ਮੁੱਕੇਬਾਜ਼ ਐੱਮਸੀ ਮੈਰੀਕੌਮ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਇਤਿਹਾਸ ਸਿਰਜਦਿਆਂ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ 6 ਗੋਲਡ ਮੈਡਲ ਜਿੱਤਣ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਮੈਰੀ ਕਾਮ ਸੱਤ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਬੌਕਸਰ ਬਣ ਗਈ ਹੈ।

ਕੇਡੀ ਜਾਧਵ ਹਾਲ ਵਿੱਚ ਮੈਰੀ ਕਾਮ ਨੇ 48 ਕਿੱਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਯੂਕ੍ਰੇਨ ਦੀ ਹੰਨਾ ਓਖੋਟਾ ਨੂੰ ਸ਼ਿਕਸਤ ਦਿੱਤੀ। ਇਸ ਦੇ ਨਾਲ ਹੀ ਉਸ ਨੇ 6 ਸੋਨ ਤਮਗਿਆਂ ’ਤੇ ਕਬਜ਼ਾ ਕਰਨ ਦੀ ਉਪਲੱਬਧੀ ਹਾਸਲ ਕੀਤੀ ਹੈ। ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇਹ ਮੈਰੀਕਾਮ ਦਾ 7ਵਾਂ ਤਮਗਾ ਹੈ।

ਇਸ ਵਿੱਚ ਉਸ ਨੇ 6 ਗੋਲਡ ਤੇ ਇੱਕ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਤਮਗੇ ਜਿੱਤਣ ਦਾ ਰਿਕਾਰਡ ਵੀ ਹੁਣ ਮੈਰੀ ਕਾਮ ਦੇ ਨਾਂ ਹੋ ਗਿਆ ਹੈ। ਉਸ ਤੋਂ ਬਾਅਦ ਕੇਟੀ ਟੇਲਰ (5 ਗੋਲਡ + 1 ਕਾਂਸਾ) ਦਾ ਨਾਂ ਆਉਂਦਾ ਹੈ।