ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ ਵੱਡਾ ਬਿਆਨ ਦਿੱਤਾ ਹੈ। ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਸਹਿਵਾਗ ਨੇ ਕਿਹਾ ਹੈ ਕਿ ਬੀਸੀਸੀਆਈ 'ਚ ਉਨ੍ਹਾਂ ਦੀ ਕੋਈ ਸੈਟਿੰਗ ਨਹੀਂ ਸੀ ਇਸ ਲਈ ਉਹ ਮੁੱਖ ਕੋਚ ਨਹੀਂ ਬਣ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਦੁਬਾਰਾ ਕੋਚ ਦੇ ਅਹੁਦੇ ਲਈ ਬਿਨੈ ਨਹੀਂ ਕਰਨਗੇ।
ਕੋਚ ਦੀ ਦੌੜ 'ਚ ਸਹਿਵਾਗ ਨੂੰ ਰਵੀ ਸ਼ਾਸਤਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਾਸਤਰੀ ਕਪਤਾਨ ਵਿਰਾਟ ਕੋਹਲੀ ਦੀ ਪਸੰਦ ਸਨ। ਹਾਲਾਂਕਿ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਇਸ ਫ਼ੈਸਲੇ ਖ਼ਿਲਾਫ਼ ਸਨ।
ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਨੇ ਕਿਹਾ ਕਿ 'ਦੇਖੋ ਮੈਂ ਕੋਚ ਇਸ ਲਈ ਬਣ ਸਕਿਆ ਕਿਉਂਕਿ ਜੋ ਵੀ ਕੋਚ ਚੁਣ ਰਹੇ ਸਨ ਉਨ੍ਹਾਂ ਨਾਲ ਮੇਰੀ ਕੋਈ ਸੈਟਿੰਗ ਨਹੀਂ ਸੀ। ਮੈਂ ਕਦੀ ਭਾਰਤੀ ਕ੍ਰਿਕਟ ਟੀਮ ਦਾ ਕੋਚ ਬਣਨ ਬਾਰੇ ਨਹੀਂ ਸੋਚਿਆ ਸੀ। ਬੀਸੀਸੀਆਈ ਸਕੱਤਰ ਅਮਿਤਾਭ ਚੌਧਰੀ ਤੇ ਜਨਰਲ ਮੈਨੇਜਰ (ਖੇਡ ਵਿਕਾਸ) ਐੱਮਵੀ ਸ਼੍ਰੀਧਰ ਮੇਰੇ ਕੋਲ ਆਏ ਤੇ ਮੈਨੂੰ ਪੇਸ਼ਕਸ਼ ਬਾਰੇ ਵਿਚਾਰ ਕਰਨ ਨੂੰ ਕਿਹਾ। ਮੈਂ ਉਸ ਤੋਂ ਬਾਅਦ ਇਸ ਅਹੁਦੇ ਲਈ ਬਿਨੈ ਕੀਤਾ।
ਸਹਿਵਾਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਪਤਾਨ ਕੋਹਲੀ ਨਾਲ ਵੀ ਗੱਲ ਕੀਤੀ ਸੀ। ਸਹਿਵਾਗ ਨੇ ਦੱਸਿਆ ਕਿ ਵਿਰਾਟ ਨੇ ਮੈਨੂੰ ਇਸ ਲਈ ਅੱਗੇ ਵਧਣ ਦੀ ਸਲਾਹ ਦਿੱਤੀ ਸੀ। ਮੈਨੂੰ ਲੱਗਾ ਕਿ ਜੇ ਸਾਰੇ ਲੋਕ ਮੈਨੂੰ ਕਹਿ ਰਹੇ ਸਨ ਤਾਂ ਮੈਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਨਾ ਤਾਂ ਮੈਂ ਇਸ ਵਾਰ ਬਿਨੈ ਕਰਨ ਬਾਰੇ ਸੋਚਿਆ ਤੇ ਨਾ ਹੀ ਅੱਗੇ ਇਸ ਬਾਰੇ ਕੋਈ ਯੋਜਨਾ ਹੈ।
ਸਹਿਵਾਗ ਨੇ ਕਿਹਾ ਕਿ ਸ਼ਾਸਤਰੀ ਨਾਲ ਜਦ ਉਨ੍ਹਾਂ ਦੀ ਗੱਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਅਹੁਦੇ ਲਈ ਬਿਨੈ ਨਹੀਂ ਕਰ ਰਹੇ ਹਨ।
ਸਹਿਵਾਗ ਨੇ ਕਿਹਾ ਕਿ ਚੈਂਪੀਅਨਜ਼ ਟਰਾਫੀ ਦੌਰਾਨ ਜਦ ਮੈਂ ਇੰਗਲੈਂਡ 'ਚ ਸੀ ਤਾਂ ਮੈਂ ਰਵੀ ਨੂੰ ਪੁੱਛਿਆ ਸੀ ਕਿ ਉਹ ਕੋਚ ਲਈ ਬਿਨੈ ਕਿਉਂ ਨਹੀਂ ਕਰ ਰਹੇ ਹਨ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਦੁਬਾਰਾ ਉਹ ਗ਼ਲਤੀ ਨਹੀਂ ਕਰਨਾ ਚਾਹੁੰਦੇ ਜੋ ਉਨ੍ਹਾਂ ਨੇ ਪਹਿਲਾਂ ਕੀਤੀਆਂ ਸਨ। ਜੇ ਰਵੀ ਨੇ ਪਹਿਲਾਂ ਬਿਨੈ ਕਰ ਦਿੱਤਾ ਹੁੰਦਾ ਤਾਂ ਮੈਂ ਕਦੀ ਬਿਨੈ ਨਾ ਕਰਦਾ।