ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਵੈਸਟਇੰਡੀਜ਼ ਦੇ ਦੌਰੇ ‘ਤੇ ਨਹੀਂ ਜਾ ਰਹੇ। ਇਸ ਗੱਲ ਦੀ ਜਾਣਕਾਰੀ ਬੀਸੀਸੀਆਈ ਨੇ ਦਿੱਤੀ ਹੈ। ਧੋਨੀ ਦੇ ਵੈਸਟਇੰਡੀਜ਼ ਦੌਰੇ ਬਾਰੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਸੀ ਪਰ ਹੁਣ ਉਨ੍ਹਾਂ ਬਾਰੇ ਹੋ ਰਹੀ ਚਰਚਾ ‘ਤੇ ਰੋਕ ਲੱਗ ਗਈ ਹੈ।

ਬੀਸੀਸੀਆਈ ਨੇ ਦੱਸਿਆ, “ਐਮਐਸ ਧੋਨੀ ਨੇ ਖ਼ੁਦ ਨੂੰ ਵੈਸਟਇੰਡੀਜ਼ ਦੌਰੇ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਪੈਰਾਮਿਲਟਰੀ ਰੈਜੀਮੈਂਟ ਦੇ ਨਾਲ ਅਗਲੇ ਦੋ ਮਹੀਨੇ ਬਿਤਾਉਣਗੇ। ਅਜਿਹੀ ਸਥਿਤੀ ‘ਚ ਉਹ ਵੈਸਟਇੰਡੀਜ਼ ਦੇ ਦੌਰੇ ਲਈ ਟੀਮ ਦਾ ਹਿੱਸਾ ਨਹੀਂ ਹੋ ਸਕਦੇ। ਧੋਨੀ ਨੇ ਐਤਵਾਰ ਨੂੰ ਚੋਣ ਕਮੇਟੀ ਦੀ ਬੈਠਕ ਤੋਂ ਪਹਿਲਾਂ ਬੀਸੀਸੀਆਈ ਨੂੰ ਆਪਣਾ ਫੈਸਲਾ ਸੁਣਾਇਆ।”

ਧੋਨੀ ਨੂੰ 2011 ‘ਚ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਫਿਲਹਾਲ ਧੋਨੀ ਵਰਲਡ ਕੱਪ ‘ਚ ਸਲੋਅ ਬੈਟਿੰਗ ਕਰਕੇ ਅਲੋਚਨਾ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ‘ਚ ਸਵਾਲ ਇਹ ਵੀ ਉਠ ਰਹੇ ਹਨ ਕਿ ਸ਼ਾਇਦ ਧੋਨੀ ਕ੍ਰਿਕੇਟ ਨੂੰ ਅਲਵਿਦਾ ਕਹਿਣ ਵਾਲੇ ਹਨ। ਇਸ ਦਾ ਇਸ਼ਾਰਾ ਗੌਤਮ ਗੰਭੀਰ ਨੇ ਦਿੱਤਾ ਹੈ। ਹਾਲ ਹੀ ‘ਚ ਉਨ੍ਹਾਂ ਕਿਹਾ ਕਿ ਹੁਣ ਭਾਰਤ ਨੂੰ ਨਵਾਂ ਵਿਕੇਟਕੀਪਰ ਲੱਭਣ ਦੀ ਮੁਹਿੰਮ ਸ਼ੁਰੂ ਕਰ ਦੇਣੀ ਚਾਹਿਦੀ ਹੈ।