ਤੀਰ-ਅੰਦਾਜ਼ੀ 'ਚ ਅਤਨੂ ਦਾਸ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਅਤਨੂ ਦਾਸ ਨੇ ਇਸ ਜਿੱਤ ਦੇ ਨਾਲ ਰਾਊਂਡ ਆਫ 16 'ਚ ਥਾਂ ਬਣਾ ਲਈ ਹੈ। ਅਤਨੂ ਦਾਸ ਨੇ ਕੋਰਿਆ ਦੇ ਸਟਾਰ ਖਿਡਾਰੀ ਤੇ ਲੰਡਨ ਓਲੰਪਿਕ ਦੇ ਚੈਂਪੀਅਨ ਨੂੰ ਬੇਹੱਦ ਸਖਤ ਮੁਕਾਬਲੇ 'ਚ ਮਾਤ ਦੇ ਦਿੱਤੀ ਹੈ। ਅਤਨੂ ਦਾਸ ਨੇ ਤੀਰ ਅੰਦਾਜ਼ੀ 'ਚ ਭਾਰਤ ਦੀ ਮੈਡਲ ਦੀ ਉਮੀਦ ਕਾਇਮ ਰੱਖੀ ਹੈ।
ਪੀਵੀ ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ
Tokyo Olympics 2020: ਟੋਕੀਓ ਓਲੰਪਿਕ ਵਿੱਚ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਥਾਂ ਕੁਆਟਰ ਫਾਈਨਲ ਵਿੱਚ ਪੱਕੀ ਕਰ ਲਈ ਹੈ। ਸਿੰਧੂ ਨੇ ਅੱਜ ਡੈਨਮਾਰਕ ਦੀ ਮੀਆ ਬਲਿਚਫੇਲਟ ਨੂੰ 21-15, 21-13 ਨਾਲ ਹਰਾ ਕੇ ਮੈਡਲ ਦੀ ਰਾਹ ਵੱਲ ਇੱਕ ਕਦਮ ਹੋਰ ਵਧਾ ਲਿਆ ਹੈ।
ਅੱਜ ਖੇਡੇ ਗਏ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 16 ਮੁਕਾਬਲੇ ਵਿੱਚ ਸਿੰਧੂ ਬੇਹਤਰੀਨ ਫਾਰਮ ਵਿੱਚ ਦਿਖਾਈ ਦਿੱਤੀ। ਉਨ੍ਹਾਂ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਆਪਣੇ ਉੱਪਰ ਹਾਵੀ ਹੋਣ ਦਾ ਖ਼ਾਸ ਮੌਕਾ ਨਹੀਂ ਦਿੱਤਾ। ਪੀਵੀ ਸਿੰਧੂ ਨੇ ਪਹਿਲੇ ਹੀ ਗੇਮ ਵਿੱਚ ਇਸ ਮੈਚ 'ਤੇ ਆਪਣਾ ਦਬਦਬਾ ਬਣਾ ਲਿਆ ਅਤੇ ਤਾਕਤਵਰ ਸਮੈਸ਼ ਅਤੇ ਕੰਟਰੋਲ ਦੇ ਦਮ 'ਤੇ ਹੀ 11-6 ਦੀ ਲੀਡ ਹਾਸਲ ਕਰ ਲਈ। ਇਸ ਤੋਂ ਬਾਅਦ ਮੀਆ ਨੇ ਵਾਪਸੀ ਕਰਦਿਆਂ ਸਿੰਧੂ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਵਿੱਚ ਸਿੰਧੂ ਨੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਪਹਿਲਾ ਗੇਮ 21-15 ਨਾਲ ਆਪਣੇ ਨਾਂਅ ਕਰ ਲਿਆ।
ਦੂਜੇ ਗੇਮ ਵਿੱਚ ਵੀ ਬਣਾਈ ਰੱਖਿਆ ਦਬਾਅ
ਦੂਜੇ ਗੇਮ ਵਿੱਚ ਵੀ ਸਿੰਧੂ ਨੇ ਡੈਨਮਾਰਕ ਦੀ ਖਿਡਾਰਨ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ ਅਤੇ ਦਬਾਅ ਬਣਾਈ ਰੱਖਿਆ। ਪਹਿਲੇ ਗੇਮ ਵਾਂਗ ਦੂਜੇ ਵਿੱਚ ਵੀ ਸਿੰਧੂ 11-6 ਨਾਲ ਅੱਗੇ ਹੋ ਗਈ ਅਤੇ ਅੰਤ ਵਿੱਚ 21-13 ਨਾਲ ਰਾਊਂਡ ਆਫ 16 ਦਾ ਮੁਕਾਬਲਾ ਆਪਣੇ ਨਾਂਅ ਕਰ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ। ਰਿਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪੀਵੀ ਸਿੰਧੂ ਨੇ ਇਸ ਜਿੱਤ ਨਾਲ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਦੀ ਉਮੀਦ ਹੋਰ ਵਧਾ ਦਿੱਤੀ ਹੈ।
ਸ਼ਾਨਦਾਰ ਫਾਰਮ ਵਿੱਚ ਦਿਖਾਈ ਦੇ ਰਹੀ ਹੈ ਸਿੰਧੂ
ਟੋਕੀਓ ਓਲੰਪਿਕ ਵਿੱਚ ਸਿੰਧੂ ਸ਼ਾਨਦਾਰ ਫਾਰਮ ਵਿੱਚ ਦਿਖਾਈ ਦੇ ਰਹੀ ਹੈ, ਜਿਸ ਦੇ ਚੱਲਦਿਆਂ ਹੀ ਇਸ ਵਾਰ ਦੇਸ਼ ਨੂੰ ਉਨ੍ਹਾਂ ਤੋਂ ਸੋਨ ਤਗ਼ਮੇ ਦੀ ਆਸ ਹੈ। ਸਿੰਧੂ ਨੇ ਆਪਣੇ ਪਹਿਲੇ ਮੈਚ ਵਿੱਚ ਇਜ਼ਰਾਈਲ ਦੀ ਕੇਸੇਨਿਆ ਪੋਲਿਕਾਰਪੋਵਾ ਨੂੰ ਸਿਰਫ 28 ਮਿੰਟਾਂ ਵਿੱਚ ਹੀ 21-7, 21-10 ਨਾਲ ਮਾਤ ਦੇ ਦਿੱਤੀ ਸੀ। ਉੱਥੇ ਗਰੁੱਪ ਜੇ ਦੇ ਆਪਣੇ ਦੂਜੇ ਮੈਚ ਵਿੱਚ ਸਿੰਧੂ ਨੇ ਹਾਂਗਕਾਂਗ ਦੀ ਖਿਡਾਰਨ ਏਨਵਾਏ ਚੁੰਗ ਖ਼ਿਲਾਫ਼ ਸਿੱਧੀ ਗੇਮ ਵਿੱਚ 21-9, 21-16 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।