ਟੋਕਿਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਐਥਲੀਟ ਅੱਜ ਦੇਸ਼ ਪਰਤਣਗੇ। ਦੇਸ਼ ਲਈ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਅੱਜ ਸ਼ਾਮ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਰੱਖੇ ਇਕ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਜਾਵੇਗਾ।


ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਖਿਡਾਰੀਆਂ ਦੇ ਰੂਬਰੂ ਹੋਣਗੇ। ਭਾਰਤ ਨੇ ਟੋਕਿਓ ਓਲੰਪਿਕ 'ਚ ਕੁੱਲ 7 ਤਗਮੇ, ਜਿੰਨ੍ਹਾਂ 'ਚ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਸ਼ਾਮਲ ਹਨ।


ਸਪੋਰਟਸ ਆਥਾਰਟੀ ਆਫ ਇੰਡੀਆ (SAI) ਨੇ ਮੇਜਰ ਧਿਆਨ ਚੰਦ ਸਟੇਡੀਅਮ 'ਚ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ। ਜਿਸ 'ਚ ਟੋਕਿਓ ਓਲੰਪਿਕ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸ਼ਾਮ ਸਾਢੇ 6 ਵਜੇ ਸ਼ੁਰੂ ਹੋਵੇਗਾ। ਪ੍ਰੋਗਰਾਮ 'ਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਕਈ ਸਾਬਕਾ ਓਲੰਪਿਕ ਖਿਡਾਰੀ ਤੇ ਭਾਰਤ ਸਰਕਾਰ ਦੇ ਅਧਿਕਾਰੀ ਮੌਜੂਦ ਰਹਿਣਗੇ।


ਟੋਕਿਓ ਤੋਂ ਅੱਜ ਪਰਤ ਰਹੇ ਇਹ ਭਾਰਤੀ ਖਿਡਾਰੀ


ਟੋਕਿਓ ਤੋਂ ਅੱਜ ਨੀਰਜ ਚੋਪੜਾ, ਪੁਰਸ਼ ਤੇ ਮਹਿਲਾ ਹਾਕੀ ਟੀਮ, ਬਜਰੰਗ ਪੂਨੀਆ ਤੇ ਟ੍ਰੈਕ ਐਂਡ ਫੀਲਡ ਦੇ ਈਵੈਂਟ 'ਚ ਸ਼ਾਮਲ ਐਥਲੀਟ ਵਾਪਸ ਪਰਤ ਰਹੇ ਹਨ। ਇਹ ਸਾਰੇ ਅੱਜ ਸ਼ਾਮ ਸਵਾ ਪੰਜ ਵਜੇ ਦਿੱਲੀ ਏਅਰਪੋਰਟ ਪਹੁੰਚਣਗੇ। ਮਹਿਲਾ ਹਾਕੀ ਟੀਮ ਏਅਰਪੋਰਟ ਤੋਂ ਸਿੱਧਾ ਅਸ਼ੋਕਾ ਹੋਟਲ ਜਾਵੇਗੀ ਜਦਕਿ ਨੀਰਜ ਚੋਪੜਾ, ਪੁਰਸ਼ ਹਾਕੀ ਟੀਮ ਤੇ ਬਜਰੰਗ ਪੂਨੀਆ ਸਿੱਧਾ ਧਿਆਨਚੰਦ ਨੈਸ਼ਨਲ ਸਟੇਡੀਅਮ ਜਾਣਗੇ।


ਇਸ ਤੋਂ ਇਲਾਵਾ ਹੋਰ ਮੈਡਲ ਜੇਤੂ ਭਾਰਤੀ ਐਥਲੀਟ ਪਹਿਲਾਂ ਹੀ ਦੇਸ਼ ਪਰਤ ਚੁੱਕੇ ਹਨ। ਮੀਰਾਬਾਈ ਚਾਨੂੰ, ਰਵੀ ਦਹੀਆ ਤੇ ਲਵਲੀਨਾ ਬਾਰਗੋਹੇਨ ਇਹ ਸਭ ਵੀ ਅੱਜ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਸ਼ਾਮ ਸਾਢੇ 6 ਵਜੇ ਇਸ ਸਨਮਾਨ ਪ੍ਰਰੋਗਾਮ ਦੀ ਸ਼ੁਰੂਆਤ ਹੋ ਸਕਦੀ ਹੈ। ਸਨਮਾਨ ਸਮਾਰੋਹ ਤੋਂ ਬਾਅਦ ਸਾਰੇ ਐਥਲੀਟ ਧਿਆਨਚੰਦ ਸਟੇਡੀਅਮ ਤੋਂ ਅਸ਼ੋਕਾ ਹੋਟਲ ਲਈ ਰਵਾਨਾ ਹੋਣਗੇ।


ਭਾਰਤ ਨੇ ਟੋਕਿਓ 'ਚ ਜਿੱਤੇ 7 ਮੈਡਲ


ਭਾਰਤ ਨੇ ਟੋਕਿਓ ਓਲੰਪਿਕ 'ਚ ਕੁੱਲ 7 ਮੈਡਲ ਜਿੱਤੇ ਹਨ। ਜੋ ਕਿ ਓਲੰਪਿਕ 'ਚ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਲਈ ਨੀਰਜ ਚੋਪੜਾ ਨੇ ਜੈਲਵਿਨ ਥ੍ਰੋਅ 'ਚ ਗੋਲਡ, ਮੀਰਾਬਾਈ ਚਾਨੂੰ ਨੇ ਵੇਟਲਿਫਟਿੰਗ 'ਚ ਸਿਲਵਰ, ਰਵੀ ਦਹੀਆ ਨੇ ਕੁਸ਼ਤੀ 'ਚ ਸਿਲਵਰ, ਪੀਵੀ ਸਿੰਧੂ ਨੇ ਬੈਡਮਿੰਟਨ 'ਚ ਬ੍ਰੌਂਜ, ਲਵਲੀਨਾ ਬਾਰਗੋਹੇਨ ਨੇ ਮੁੱਕੇਬਾਜ਼ੀ 'ਚ ਬ੍ਰੌਂਜ, ਬਜਰੰਗ ਪੂਨੀਆ ਨੇ ਕੁਸ਼ਤੀ 'ਚ ਬ੍ਰੌਂਜ ਤੇ ਪੁਰਸ਼ ਹਾਕੀ ਟੀਮ ਨੇ ਬ੍ਰੌਂਜ ਮੈਡਲ ਜਿੱਤਿਆ ਹੈ।