ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਮਹਿਲਾ ਖਿਡਾਰੀਆਂ ਨਾਲ ਪੁਰਸ਼ ਕੋਚਾਂ ਦੇ ਦੁਰਵਿਵਹਾਰ ਦੀਆਂ ਕਈ ਖਬਰਾਂ ਸਾਹਮਣੇ ਆਈਆਂ ਹਨ। ਕੁਝ ਦਿਨ ਪਹਿਲਾਂ ਸਾਈਕਲਿੰਗ ਕੋਚ ਵਿਰੁੱਧ ਅਨੁਚਿਤ ਵਿਵਹਾਰ ਦੀ ਸ਼ਿਕਾਇਤ ਤੋਂ ਬਾਅਦ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਦੇ ਮੁੱਦੇ ਨੇ ਤੂਲ ਫੜ ਲਿਆ ਸੀ। ਖੇਡ ਮੰਤਰਾਲੇ (MYAS) ਤੋਂ ਪੁੱਛਿਆ ਗਿਆ ਸੀ ਕਿ ਕੀ ਮਹਿਲਾ ਖਿਡਾਰੀ ਕੈਂਪਾਂ ਅਤੇ ਸਿਖਲਾਈ ਸੈਸ਼ਨਾਂ ਵਿੱਚ ਸੁਰੱਖਿਅਤ ਨਹੀਂ ਹਨ। ਅਜਿਹੇ 'ਚ ਹੁਣ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੇਸ਼ ਦੀਆਂ ਮਹਿਲਾ ਖਿਡਾਰੀਆਂ ਨਾਲ ਹੋ ਰਹੇ ਅਨੁਚਿਤ ਵਿਵਹਾਰ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। ਉਸ ਵੱਲੋਂ ਚੁੱਕੇ ਗਏ ਕਦਮਾਂ ਨਾਲ ਮਹਿਲਾ ਖਿਡਾਰਨ ਨੂੰ ਨਾ ਸਿਰਫ਼ ਕੈਂਪਾਂ ਵਿੱਚ ਸਗੋਂ ਵਿਦੇਸ਼ੀ ਦੌਰਿਆਂ ’ਤੇ ਵੀ ਸੁਰੱਖਿਆ ਦੀ ਚਿੰਤਾ ਨਹੀਂ ਹੋਵੇਗੀ।


 

ਖੇਡ ਮੰਤਰਾਲੇ ਦਾ ਵੱਡਾ ਕਦਮ

 

ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਮਹਿਲਾ ਖਿਡਾਰੀਆਂ ਦੀ ਸੁਰੱਖਿਆ ਲਈ ਹਰ ਸੰਭਵ ਉਪਾਅ ਕਰ ਰਹੀ ਹੈ। ਭਾਰਤੀ ਖੇਡ ਅਥਾਰਟੀ ਨੇ ਸਾਰੀਆਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਜਾਰੀ ਹਦਾਇਤਾਂ ਵਿੱਚ ਟੀਮ ਦੇ ਨਾਲ ਇੱਕ ਮਹਿਲਾ ਕੋਚ ਦਾ ਹੋਣਾ ਲਾਜ਼ਮੀ ਕਰ ਦਿੱਤਾ ਹੈ। ਠਾਕੁਰ ਨੇ ਕਿਹਾ, ਖੇਲੋ ਇੰਡੀਆ ਯੁਵਾ ਖੇਡਾਂ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਡੋਪਿੰਗ ਅਤੇ ਔਰਤਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਵਿਸ਼ਵ ਪੱਧਰੀ ਛੇ ਸਕੁਐਸ਼ ਕੋਰਟਾਂ ਦੇ ਉਦਘਾਟਨ ਸਮਾਰੋਹ ਮੌਕੇ ਕਿਹਾ ਕਿ ਅਸੀਂ ਨਾ ਸਿਰਫ਼ ਔਰਤਾਂ ਦੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਸਗੋਂ ਉਨ੍ਹਾਂ ਨੂੰ ਹਰ ਖਿਡਾਰਨ ਤੱਕ ਪਹੁੰਚਾਵਾਂਗੇ ਤਾਂ ਜੋ ਉਹ ਜਾਗਰੂਕ ਹੋ ਸਕਣ ਅਤੇ ਸੁਰੱਖਿਆ ਕਰ ਸਕਣ। ਹਾਲ ਹੀ 'ਚ ਦੋ ਮਹਿਲਾ ਖਿਡਾਰਨਾਂ ਨੇ ਕੋਚਾਂ ਵਲੋਂ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ।

 

ਸਾਈਕਲਿੰਗ ਕੋਚ 'ਤੇ ਲੱਗੇ ਸੀ ਆਰੋਪ 


ਇਹ ਸਾਰਾ ਮਾਮਲਾ ਕੁਝ ਦਿਨ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਸਿਖਲਾਈ ਲਈ ਸਲੋਵੇਨੀਆ ਗਈ ਇਕੱਲੀ ਮਹਿਲਾ ਖਿਡਾਰਨ ਨੇ ਰਾਸ਼ਟਰੀ ਕੋਚ ਆਰ ਕੇ ਸ਼ਰਮਾ ਵਿਰੁੱਧ ਸਾਈ ਨੂੰ ਅਨੁਚਿਤ ਵਿਵਹਾਰ ਦੀ ਸ਼ਿਕਾਇਤ ਕੀਤੀ ਸੀ। ਇਹ ਭਾਰਤੀ ਟੀਮ ਨੂੰ ਸਾਈਕਲਿੰਗ ਚੈਂਪੀਅਨਸ਼ਿਪ ਦੀ ਤਿਆਰੀ ਵਿਚ ਮਦਦ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਮਹਿਲਾ ਖਿਡਾਰਨ ਨੇ ਸਲੋਵੇਨੀਆ ਦੇ ਆਪਣੇ ਹੋਟਲ ਤੋਂ ਸਾਈ ਨੂੰ ਕੋਚ ਵੱਲੋਂ ਕੀਤੇ ਅਣਉਚਿਤ ਵਿਵਹਾਰ ਬਾਰੇ ਦੱਸਿਆ ਅਤੇ ਕਿਹਾ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ। SAI ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਖਿਡਾਰੀ ਨੂੰ ਸੁਰੱਖਿਆ ਯਕੀਨੀ ਬਣਾਉਣ ਲਈ ਵਾਪਸ ਬੁਲਾਇਆ ਹੈ। ਇਸ ਤੋਂ ਬਾਅਦ ਪਹਿਲਾਂ ਕੋਚ ਦਾ ਕਰਾਰ ਖਤਮ ਕੀਤਾ ਗਿਆ ਅਤੇ ਫਿਰ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ।