ਬੀਜਿੰਗ: ਖ਼ਰਾਬ ਮੌਸਮ ਕਾਰਨ ਚੀਨ ’ਚ 21 ਦੌੜਾਕਾਂ (Runners) ਦੀ ਜਾਨ ਚਲੀ ਗਈ ਹੈ; ਜਦਕਿ ਇੱਕ ਹਾਲੇ ਵੀ ਲਾਪਤਾ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਗੜੇਮਾਰ, ਬਰਫ਼ਬਾਰੀ ਤੇ ਤੇਜ਼ ਝੱਖੜ ਝੁੱਲਣ ਦੌਰਾਨ ਚੀਨ ’ਚ 100 ਕਿਲੋਮੀਟਰ ਦੀ ਕ੍ਰਾਸ ਕੰਟਰੀ ਮਾਊਂਟੇਨ ਰੇਸ ਵਿੱਚ ਭਾਗ ਲੈ ਰਹੇ 21 ਵਿਅਕਤੀਆਂ ਦੀ ਮੌਤ ਹੋ ਗਈ। ਰਾਜ ਪ੍ਰਸਾਰਕ ਸੀਸੀਟੀਵੀ ਨੇ ਸਥਾਨਕ ਬਚਾਅ ਕਮਾਂਡ ਹੈੱਡਕੁਆਰਟਰਜ਼ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇੱਕ ਦੌੜਾਕ ਜੋ ਲਾਪਤਾ ਸੀ, ਉਹ ਸਵੇਰੇ 9:30 ਵਜੇ ਪਾਇਆ ਗਿਆ ਪਰ ਉਸ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਬੈਯਿਨ ਸ਼ਹਿਰ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਉੱਤਰ-ਪੱਛਮੀ ਗਾਂਸੂ ਸੂਬੇ ਦੇ ਬੈਯਿਨ ਸ਼ਹਿਰ ਲਾਗੇ ਯੈਲੋ ਦਰਿਆ ਦੇ ਬਹੁਤ ਉਚਾਈ ਵਾਲੇ ਜੰਗਲ ਵਿੱਚ ਕਰਵਾਈ ਦੌੜ ਉੱਤੇ ਅਚਾਨਕ ‘ਖ਼ਰਾਬ ਮੌਸਮ’ ਦਾ ਪਰਛਾਵਾਂ ਪੈ ਗਿਆ। ਬੈਸਿਨ ਸ਼ਹਿਰ ਦੇ ਮੇਅਰ ਜ਼ਾਂਗ ਜੁਚੇਨ ਨੇ ਕਿਹਾ ਕਿ ਲਗਭਗ 20 ਤੋਂ 31 ਕਿਲੋਮੀਟਰ ਵਿਚਾਲੇ ਦੌੜ ਦਾ ਉਚਾਈ ਵਾਲਾ ਹਿੱਸਾ ਅਚਾਨਕ ਤਬਾਹਕੁੰਨ ਮੌਸਮ ਦਾ ਸ਼ਿਕਾਰ ਹੋ ਗਿਆ। ਉੱਥੇ ਖ਼ਰਾਬ ਮੌਸਮ ਦੌਰਾਨ ਤਾਪਮਾਨ ਬਹੁਤ ਜ਼ਿਆਦਾ ਹੇਠਾਂ ਚਲਾ ਗਿਆ।
ਕੁਝ ਦੌੜਾਕਾਂ ਦੇ ਸੰਦੇਸ਼ ਪੁੱਜੇ। ਤਦ ਰਾਹਤ ਟੀਮਾਂ ਭੇਜੀਆਂ ਗਈਆਂ, ਜੋ 18 ਦੌੜਾਕਾਂ ਨੂੰ ਬਚਾਉਣ ’ਚ ਸਫ਼ਲ ਰਹੀਆਂ। ਦੁਪਹਿਰ ਦੋ ਵਜੇ ਮੌਸਮ ਅਚਾਨਕ ਖ਼ਰਾਬ ਹੋਣ ਲੱਗ ਪਿਆ। ਤਦ ਤੁਰੰਤ ਦੌੜ ਨੂੰ ਰੱਦ ਕਰ ਦਿੱਤਾ ਗਿਆ। ਜ਼ਾਂਗ ਨੇ ਦੱਸਿਆ ਕਿ ਅੱਠ ਹੋਰ ਦੌੜਾਕਾਂ ਦਾ ਮਾਮੂਲੀ ਸੱਟਾਂ ਲਈ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸਰਕਾਰੀ ਖ਼ਬਰਾਂ ਅਨੁਸਾਰ ਕੁਝ ਦੌੜਾਕ ਖ਼ਰਾਬ ਮੌਸਮ ਕਾਰਣ ਹਾਈਪੋਥਰਮੀਆ ਤੋਂ ਪੀੜਤ ਸਨ।
ਚੀਨ ’ਚ ਵਾਪਰੀ ਆਪਣੀ ਕਿਸਮ ਦੀ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ ਕਦੇ ਵੀ ਦੇਸ਼ ਦੇ ਕਿਸੇ ਖੇਡ ਸਮਾਰੋਹ ਦੌਰਾਨ ਅਜਿਹਾ ਦੁਖਾਂਤ ਨਹੀਂ ਵਾਪਰਿਆ। ਇਸ ਕਾਰਣ ਪੂਰੀ ਦੁਨੀਆ ਦੇ ਖੇਡ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ।