Tokyo Olympics: ਟੋਕੀਓ ਓਲੰਪਿਕਸ 'ਚ ਮੁੱਕੇਬਾਜ਼ੀ ਤੋਂ ਦੇਸ਼ ਨੂੰ ਸਭ ਤੋਂ ਵੱਧ ਤਗਮਿਆਂ ਦੀ ਉਮੀਦ ਹੈ। ਜਿੱਥੇ ਐਮਸੀ ਮੈਰੀਕਾਮ ਔਰਤਾਂ 'ਚ ਤਗਮੇ ਦੀ ਮਜ਼ਬੂਤ ਦਾਅਵੇਦਾਰ ਹਨ, ਉੱਥੇ ਮਰਦਾਂ 'ਚ ਅਮਿਤ ਪੰਘਾਲ ਤੋਂ ਦੇਸ਼ ਨੂੰ ਸੋਨੇ ਦੀ ਉਮੀਦ ਹੈ। ਅਮਿਤ ਇਸ ਸਮੇਂ ਦੁਨੀਆਂ 'ਚ 52 ਕਿੱਲੋ ਭਾਰ ਵਰਗ 'ਚ ਪਹਿਲੇ ਨੰਬਰ ਦੇ ਖਿਡਾਰੀ ਹਨ। ਉਹ ਓਲੰਪਿਕ 'ਚ ਜਾਣ ਵਾਲੇ ਪਹਿਲੇ ਮੁੱਕੇਬਾਜ਼ ਹਨ, ਜਿਨ੍ਹਾਂ ਨੂੰ ਆਪਣੀ ਕੈਟਾਗਰੀ ਵਿੱਚ ਨੰਬਰ ਇੱਕ ਰੈਂਕ ਹਾਸਲ ਹੈ। ਅਮਿਤ ਪੰਘਾਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਵੱਡੇ ਭਰਾ ਅਜੈ ਪੰਘਾਲ ਨੂੰ ਦਿੱਤਾ ਹੈ ਤੇ ਉਨ੍ਹਾਂ ਨੂੰ ਆਪਣਾ ਸਰਬੋਤਮ ਕੋਚ ਵੀ ਮੰਨਦੇ ਹਨ।



ਅਮਿਤ ਪੰਘਾਲ ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਇਕ ਕਿਸਾਨ ਪਰਿਵਾਰ ਵਿੱਚੋਂ ਹਨ। ਪਹਿਲਾਂ ਉਹ 48 ਕਿੱਲੋ ਭਾਰ ਵਰਗ 'ਚ ਖੇਡਦੇ ਸਨ। ਜਦੋਂ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ (ਏਆਈਬੀਏ) ਨੇ ਓਲੰਪਿਕ ਤੋਂ 48 ਕਿਲੋਗ੍ਰਾਮ ਭਾਰ ਵਰਗ ਨੂੰ ਛੱਡਣ ਦਾ ਫੈਸਲਾ ਕੀਤਾ ਤਾਂ ਪੰਘਾਲ ਨੇ ਇਸ ਨੂੰ 52 ਕਿੱਲੋ ਭਾਰ ਵਰਗ 'ਚ ਤਬਦੀਲ ਕਰ ਦਿੱਤਾ। ਆਪਣੇ ਸ਼ਕਤੀਸ਼ਾਲੀ ਪੰਚਾਂ ਨਾਲ ਪੰਘਾਲ ਦਿੱਗਜਾਂ ਨੂੰ ਹਰਾਉਣ ਦੇ ਯੋਗ ਹਨ। ਇਸ ਸਾਲ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਅਚਾਨਕ ਹੋਈ ਹਾਰ ਨੂੰ ਭੁਲਾ ਕੇ ਉਹ ਉਲੰਪਿਕ 'ਚ ਸੋਨ ਤਗਮਾ ਜਿੱਤਣ ਲਈ ਤਿਆਰ ਹਨ।

ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰ ਨੇ ਮੈਨੂੰ ਮਜ਼ਬੂਤ ਬਣਾਇਆ: ਪੰਘਾਲ
ਪੰਘਾਲ ਅਨੁਸਾਰ ਏਸ਼ੀਅਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮਿਲੀ ਹਾਰ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਪੰਘਾਲ ਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ (2019) ਜ਼ੀਰੋਵ ਸ਼ਖੋਬੀਦੀਨ ਤੋਂ ਹਾਰ ਗਏ ਸਨ। ਉਨ੍ਹਾਂ  ਕਿਹਾ, "ਜੋ ਬੀਤ ਗਿਆ ਮੈਂ ਉਸ ਬਾਰੇ ਬਹੁਤਾ ਜ਼ਿਆਦਾ ਨਹੀਂ ਸੋਚ ਰਿਹਾ ਹਾਂ। ਹੁਣ ਮੇਰਾ ਪੂਰਾ ਧਿਆਨ ਟੋਕਿਓ 'ਤੇ ਹੈ। ਜੇਕਰ ਅਸੀਂ ਦੋਵੇਂ ਟੋਕਿਓ 'ਚ ਇਕ-ਦੂਜੇ ਦਾ ਸਾਹਮਣਾ ਕਰਦੇ ਹਾਂ ਤਾਂ ਮੈਂ ਉਨ੍ਹਾਂ ਨੂੰ ਹਰਾ ਦਿਆਂਗਾ। ਉਹ 5ਵੇਂ ਸਥਾਨ' ਤੇ ਹਨ, ਇਸ ਲਈ ਕੁਆਰਟਰ ਫਾਈਨਲ 'ਚ ਸਾਡਾ ਮੈਚ ਹੋ ਸਕਦਾ ਹੈ। ਫਾਈਨਲ ਜਾਂ ਸੈਮੀਫਾਈਨਲ 'ਚ ਮੈਂ ਓਲੰਪਿਕ 'ਚ ਏਸ਼ੀਅਨ ਚੈਂਪੀਅਨਸ਼ਿਪ ਦਾ ਵਾਅਦਾ ਜ਼ਰੂਰ ਪੂਰਾ ਕਰਾਂਗਾ।"

ਇਸ ਦੇ ਨਾਲ ਹੀ ਪੰਘਾਲ ਨੇ ਕਿਹਾ, "ਮੈਨੂੰ ਆਪਣੀ ਕਾਰਗੁਜ਼ਾਰੀ 'ਤੇ ਪੂਰਾ ਭਰੋਸਾ ਹੈ ਅਤੇ ਮੈਂ ਓਲੰਪਿਕ ਵਿੱਚ ਨਿਸ਼ਚਿਤ ਰੂਪ ਨਾਲ ਦੇਸ਼ ਲਈ ਮੈਡਲ ਲੈ ਕੇ ਆਵਾਂਗਾ ਪਰ ਮੈਨੂੰ ਅਰਦਾਸ ਦੀ ਵੀ ਜ਼ਰੂਰਤ ਹੈ। ਮੈਨੂੰ ਪਤਾ ਹੈ ਕਿ ਦੇਸ਼ ਦੇ ਸਾਰੇ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ।

ਸਟ੍ਰੈਂਡਜਾ ਮੈਮੋਰੀਅਲ 'ਚ ਲਗਾਤਾਰ ਦੋ ਸੋਨੇ ਦਾ ਤਮਗਾ ਜਿੱਤਣ ਵਾਲਾ ਇਕੋ ਇਕ ਭਾਰਤੀ
ਅਮਿਤ ਪੰਘਾਲ ਨੇ ਸਾਲ 2017 ਵਿੱਚ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਉਹ ਇਸ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਦੇ ਹੀ ਸੁਰਖੀਆਂ ਵਿਚ ਆਏ ਸਨ। ਉਨ੍ਹਾਂ ਨੇ ਬੁਲਗਾਰੀਆ ਦੇ ਵੱਕਾਰੀ ਸਟ੍ਰੈਂਡਜਾ ਮੈਮੋਰੀਅਲ ਵਿਖੇ ਸੋਨੇ ਦਾ ਤਗਮਾ ਜਿੱਤਿਆ ਅਤੇ ਫਿਰ ਸਾਲ 2018 ਵਿਚ ਏਸ਼ੀਅਨ ਚੈਂਪੀਅਨ ਬਣੇ। ਪੰਘਾਲ ਇਕਲੌਤਾ ਭਾਰਤੀ ਮੁੱਕੇਬਾਜ਼ ਹਨ, ਜਿਨ੍ਹਾਂ ਨੇ ਸਟਰੈਂਡਜਾ ਮੈਮੋਰੀਅਲ ਵਿਖੇ ਯੂਰਪ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਕਾਰੀ ਮੁਕਾਬਲੇ ਵਿੱਚ ਲਗਾਤਾਰ ਦੋ ਸੋਨੇ ਦੇ ਤਗਮੇ ਜਿੱਤੇ ਹਨ।

ਸਤੰਬਰ 2019 ਵਿੱਚ ਪੰਘਾਲ ਨੇ ਏਆਈਬੀਏ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਇਸ ਮੁਕਾਬਲੇ 'ਚ ਇਹ ਕਾਰਨਾਮਾ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਹਨ। ਇਸ ਤੋਂ ਇਲਾਵਾ ਪੰਘਾਲ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਅਤੇ 2020 ਦੇ ਬਾਕਸਿੰਗ ਵਿਸ਼ਵ ਕੱਪ ਵਿੱਚ ਸੋਨ ਤਮਗਾ ਵੀ ਜਿੱਤਿਆ ਸੀ। ਉਹ ਸਾਲ 2019 ਤੋਂ ਏਆਈਬੀਏ ਏਆਈਬੀਏ ਰੈਂਕਿੰਗ ਵਿੱਚ ਟਾਪ ਸਥਾਨ ਉੱਤੇ ਰਹੇ ਹਨ।

ਵੱਡੇ ਭਰਾ ਅਜੈ ਨੂੰ ਆਪਣਾ ਸਰਬੋਤਮ ਕੋਚ ਮੰਨਦਾ
ਅਮਿਤ ਪੰਘਾਲ ਦੇ ਪਿਤਾ ਵਿਜੇਂਦਰ ਸਿੰਘ ਪੇਸ਼ੇ ਤੋਂ ਕਿਸਾਨ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਵੱਡਾ ਭਰਾ ਭਾਰਤੀ ਫੌਜ 'ਚ ਹੈ। ਉਨ੍ਹਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਵੱਡੇ ਭਰਾ ਨੂੰ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਕੇਬਾਜ਼ ਬਣਨ ਲਈ ਪ੍ਰੇਰਿਆ। ਉਨ੍ਹਾਂ ਕਿਹਾ, "ਮੇਰੀ ਸਫਲਤਾ ਦਾ ਸਿਹਰਾ ਮੇਰੇ ਵੱਡੇ ਭਰਾ ਅਜੈ ਨੂੰ ਜਾਂਦਾ ਹੈ। ਉਹ ਮੇਰੇ ਸਰਬੋਤਮ ਕੋਚ ਹਨ। ਮੈਂ ਹਰ ਮੈਚ ਤੋਂ ਪਹਿਲਾਂ ਉਨ੍ਹਾਂ ਨਾਲ ਆਪਣੀ ਰਣਨੀਤੀ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਹ ਖ਼ੁਦ ਇਕ ਮਹਾਨ ਮੁੱਕੇਬਾਜ਼ ਰਹੇ ਹਨ।"